-ਅਗਲੇ ਤਿੰਨ ਸਾਲਾਂ ‘ਚ 33,000 ਵਿਦੇਸ਼ੀ ਕਾਮਿਆਂ ਨੂੰ ਪੱਕੇ ਹੋਣ ਦਾ ਮਿਲੇਗਾ ਮੌਕਾ
ਟੋਰਾਂਟੋ, 6 ਨਵੰਬਰ (ਪੰਜਾਬ ਮੇਲ)- ਕੈਨੇਡਾ ਦੀ ਸੰਸਦ ‘ਚ ਬੀਤੇ ਕੱਲ੍ਹ ਵਿੱਤ ਮੰਤਰੀ ਫਰਾਂਸੁਆ ਫਿਲਿਪ ਸ਼ੈਂਪੇਨ ਵੱਲੋਂ 78 ਅਰਬ ਡਾਲਰ ਵਿੱਤੀ ਘਾਟੇ ਦਾ ਬਜਟ ਪੇਸ਼ ਕੀਤਾ ਗਿਆ, ਜਿਸ ‘ਚ ਪੱਕੀ ਇਮੀਗ੍ਰੇਸ਼ਨ ਤੇ ਆਰਜੀ ਪਰਮਿਟ ਜਾਰੀ ਕਰਨ ਦੀ ਕਟੌਤੀ ਦਾ ਪ੍ਰਸਤਾਵ ਮੌਜੂਦ ਹੈ। 2026 ਤੋਂ 2028 ਤੱਕ ਸਰਕਾਰ ਵਲੋਂ ਇਮੀਗ੍ਰੇਸ਼ਨ ਯੋਜਨਾ ‘ਚ ਅਗਲੇ ਦੋ ਸਾਲਾਂ ਦੌਰਾਨ 33 ਹਜ਼ਾਰ ਦੇ ਕਰੀਬ ਵਰਕ ਪਰਮਿਟ ਧਾਰਕ ਵਿਦੇਸ਼ੀ ਕਾਮਿਆਂ ਨੂੰ ਪੱਕੇ ਹੋਣ ਦਾ ਮੌਕਾ ਦੇਣ ਲਈ ਨਵਾਂ ਪ੍ਰੋਗਰਾਮ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ਼ ਹੀ ਦੇਸ਼ ‘ਚ ਆਰਜੀ ਵੀਜ਼ੇ ਤੇ ਪਰਮਿਟਾਂ ਨਾਲ਼ ਦਾਖਲ ਕੀਤੇ ਜਾਣ ਵਾਲੇ ਵਿਦੇਸ਼ੀਆਂ ਦੀ ਗਿਣਤੀ, ਜੋ ਮੌਜੂਦਾ ਸਾਲ ‘ਚ 673650 ਹੈ, ਤੋਂ ਘਟਾ ਕੇ 2026 ‘ਚ 385000 ਕਰਨ ਦਾ ਐਲਾਨ ਕੀਤਾ ਗਿਆ ਹੈ। ਸਟੱਡੀ ਪਰਮਿਟ ਜਾਰੀ ਕਰਨ ਦੀ ਗਿਣਤੀ ਕੱਟ ਕੇ ਅੱਧੀ (2026 ਲਈ 155000) ਕੀਤੀ ਜਾ ਰਹੀ ਹੈ, ਜੋ ਇਸ ਸਾਲ 2025 ‘ਚ 305900 ਸੀ। 2026 ‘ਚ ਵਰਕ ਪਰਮਿਟ ਵੀ 2025 ਦੇ ਮੁਕਾਬਲੇ 37 ਫੀਸਦੀ ਘੱਟ ਜਾਰੀ ਕੀਤੇ ਜਾਣਗੇ।
2025 ‘ਚ 367750 ਵਰਕ ਪਰਮਿਟ ਦੇਣ ਦੇ ਟੀਚੇ ਨੂੰ ਕੱਟ ਕੇ 2026 ਵਾਸਤੇ 230000 ਕੀਤਾ ਗਿਆ ਹੈ। ਕੈਨੇਡਾ ‘ਚ ਆਰਥਿਕ ਮੰਦੀ ਤੇ ਵਧ ਰਹੀ ਬੇਰੋਜ਼ਗਾਰੀ ਨੂੰ ਧਿਆਨ ‘ਚ ਰੱਖ ਕੇ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ ਤੇ ਦੇਸ਼ ‘ਚ ਆਰਜ਼ੀ ਤੌਰ ‘ਤੇ ਮੌਜੂਦ ਵਿਦੇਸ਼ੀਆਂ ਨੂੰ ਚਲੇ ਜਾਣ ਲਈ ਉਤਸ਼ਾਹਿਤ ਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਨਾਲ਼ ਦੇਸ਼ ‘ਚ ਅਬਾਦੀ ਸਥਿਰ ਹੋਵੇਗੀ ਤੇ ਕੈਨੇਡੀਅਨ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਮੌਕੇ ਮਿਲ ਸਕਣਗੇ।
ਇਸੇ ਤਰ੍ਹਾਂ ਸਰਕਾਰ ਵੱਲੋਂ ਖਜ਼ਾਨੇ ‘ਚ ਬੱਚਤ ਕਰਨ ਦੇ ਇਰਾਦੇ ਨਾਲ਼ ਆਪਣੇ ਮਹਿਕਮਿਆਂ ‘ਚ ਮੁਲਾਜ਼ਮਾਂ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ਼ ਲੋਕਾਂ ਨੂੰ ਦਫਤਰਾਂ ‘ਚੋਂ ਕੰਮ ਕਰਵਾਉਣ ਤੇ ਜਾਣਕਾਰੀ ਲੈਣ ਲਈ ਹੋਰ ਲੰਬੇ ਇੰਤਜ਼ਾਰ ਕਰਨੇ ਪੈ ਸਕਦੇ ਹਨ। ਬਜਟ ‘ਚ ਰਾਸ਼ਟਰੀ ਪੱਧਰ ‘ਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੇ ਤੇ ਫੌਜ ‘ਚ ਵੱਧ ਨਿਵੇਸ਼ ਕਰਨ ਦੇ ਟੀਚੇ ਮਿੱਥੇ ਗਏ ਹਨ। ਸਰਕਾਰ ਦੀ 2025 ਦੌਰਾਨ 16000 ਮੁਲਾਜਮ ਘਟਾਉਣ ਤੇ 2028-2029 ਤੱਕ 40000 ਮੁਲਾਜ਼ਮ ਘਟਾਉਣ ਦੀ ਯੋਜਨਾ ਹੈ।
ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲਿਜ ਡਿਆਬ ਨੇ ਆਪਣੀ ਸਾਲਾਨਾ ਇਮੀਗ੍ਰੇਸ਼ਨ ਰਿਪੋਰਟ ਅਗਲੇ ਦਿਨਾਂ ‘ਚ ਪੇਸ਼ ਕਰਨੀ ਹੈ, ਜਿਸ ‘ਚ ਵੀਜ਼ਿਆਂ ‘ਚ ਕਟੌਤੀ ਦਾ ਜ਼ਿਕਰ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ 2026 ‘ਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ 380000 ਵਿਦੇਸ਼ੀਆਂ ਨੂੰ ਦੇਸ਼ ‘ਚ ਪੱਕੇ ਤੌਰ ‘ਤੇ ਵੱਸਣ ਦਾ ਮੌਕਾ ਦਿੱਤਾ ਜਾਵੇਗਾ, ਜਿਸ 64 ਫੀਸਦੀ ਵੀਜ਼ੇ ਕੈਨੇਡਾ ‘ਚ ਰੋਜ਼ਗਾਰ ਮਾਰਕਿਟ ਦੀਆਂ ਲੋੜਾਂ ਅਨੁਸਾਰ ਯੋਗਤਾ ਪ੍ਰਾਪਤ ਵਿਦੇਸ਼ੀ ਨਾਗਰਿਕ ਸ਼ਾਮਲ ਹੋਣਗੇ। ਇਸ ਸਾਲ ਦੌਰਾਨ ਜਨਵਰੀ ਤੋਂ ਅਗਸਤ ਤੱਕ ਵਿਦੇਸ਼ਾਂ ਤੋਂ ਕੈਨੇਡਾ ‘ਚ 154515 ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ ਮਿਲੇ ਸਨ, ਜਦਕਿ 2025 ਸਾਰੇ ਸਾਲ ਦੌਰਾਨ ਸਰਕਾਰ ਵੱਲੋਂ 367750 ਵਰਕ ਪਰਮਿਟ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਸੀ। ਇਸ ਸਾਲ ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਵਿਦੇਸ਼ੀ ਵਿਦਿਆਰਥੀ ਵੀ ਮਿੱਥੇ ਗਏ ਸਾਲਾਨਾ ਟੀਚੇ (305900) ਤੋਂ 29 ਫੀਸਦੀ ਘੱਟ (89430) ਦਾਖਲ ਕੀਤੇ ਗਏ। 2026 ਦੌਰਾਨ ਕੈਨੇਡਾ ਦੇ ਪੱਕੇ ਵਾਸੀਆਂ ਦੇ ਪਰਿਵਾਰਾਂ ਦੇ ਜੀਆਂ ਨੂੰ ਵੀਜ਼ੇ ਦੇਣ ਦੀ ਗਿਣਤੀ ‘ਚ ਵੀ ਕਟੌਤੀ ਕਰ ਦਿੱਤੀ ਗਈ ਹੈ, ਜੋ 2025 ‘ਚ 88000 ਸੀ, ਪਰ 2026 ਲਈ ਇਹ ਗਿਣਤੀ 84000 ਹੋਵੇਗੀ। ਰਫਿਊਜੀ ਪੱਕੇ ਕਰਨ ਦੀ ਗਿਣਤੀ ਵੀ 62250 ਤੋਂ ਘਟਾ ਕੇ 56200 ਕੀਤੀ ਜਾ ਰਹੀ ਹੈ।
ਕੈਨੇਡਾ ‘ਚ ਵੀਜ਼ਾ ਤੇ ਪੱਕੀ ਇਮੀਗ੍ਰੇਸ਼ਨ ‘ਚ ਕਟੌਤੀ ਦਾ ਐਲਾਨ

