-ਟੈਂਟ ਸਿਟੀ ਬਣਦਾ ਜਾ ਰਿਹਾ ਕੈਨੇਡਾ
ਟੋਰਾਂਟੋ, 8 ਜਨਵਰੀ (ਪੰਜਾਬ ਮੇਲ)- ਸਾਲ 2026 ਕੈਨੇਡਾ ਵਿਚ ਰਹਿ ਰਹੇ ਲੱਖਾਂ ਵਿਦੇਸ਼ੀ ਕਾਮਿਆਂ ਅਤੇ ਖਾਸ ਕਰਕੇ ਭਾਰਤੀਆਂ ਲਈ ਬਹੁਤ ਚੁਣੌਤੀਪੂਰਨ ਹੋਣ ਵਾਲਾ ਹੈ।
ਸੂਤਰਾਂ ਅਨੁਸਾਰ ਸਾਲ 2025 ਅਤੇ 2026 ਦੌਰਾਨ ਵੱਡੀ ਗਿਣਤੀ ਵਿਚ ਵਰਕ ਪਰਮਿਟ ਖ਼ਤਮ ਹੋਣ ਕਾਰਨ ਲਗਭਗ 10 ਲੱਖ ਭਾਰਤੀਆਂ ਦੇ ਗੈਰ-ਕਾਨੂੰਨੀ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ ਤੇ ਉਨ੍ਹਾਂ ਦੇ ਸਿਰ ‘ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਸਕਦੀ ਹੈ। 2025 ਦੇ ਅੰਤ ਤੱਕ ਲਗਭਗ 10 ਲੱਖ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਹੋਣਗੇ ਅਤੇ 2026 ਵਿਚ ਹੋਰ 9 ਲੱਖ ਪਰਮਿਟ ਖਤਮ ਹੋਣ ਦੀ ਸੰਭਾਵਨਾ ਹੈ। ਇਸ ਸਥਿਤੀ ਨੂੰ ‘ਵਰਕ-ਪਰਮਿਟ ਕਲਿਫ’ ਕਿਹਾ ਜਾ ਰਿਹਾ ਹੈ।
ਕੈਨੇਡਾ ਵਿਚ ਭਾਰਤੀ ਕਾਮਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਖਾਸ ਕਰਕੇ ਤਕਨੀਕੀ, ਸਿਹਤ ਸੇਵਾਵਾਂ ਅਤੇ ਹੋਟਲ ਇੰਡਸਟਰੀ ‘ਚ। ਅਨੁਮਾਨ ਹੈ ਕਿ ਵਰਕ ਪਰਮਿਟ ਖ਼ਤਮ ਹੋਣ ਮਗਰੋਂ ਕਾਨੂੰਨੀ ਦਰਜਾ ਗੁਆਉਣ ਵਾਲੇ ਲੋਕਾਂ ਵਿਚੋਂ ਲਗਭਗ ਅੱਧੇ ਭਾਰਤੀ ਹੋ ਸਕਦੇ ਹਨ।
ਪਰਮਾਨੈਂਟ ਰੈਜ਼ੀਡੈਂਟ (ਪੀ.ਆਰ.) ਦੇ ਰਾਹ ਸਖ਼ਤ ਹੋਣਾ, ਵੀਜ਼ਾ ਐਕਸਟੈਂਸ਼ਨ ਵਿਚ ਦੇਰੀ ਅਤੇ ਕੈਨੇਡਾ ਸਰਕਾਰ ਦੁਆਰਾ ਪ੍ਰਵਾਸੀਆਂ ਦੀ ਗਿਣਤੀ ਨੂੰ ਕਾਬੂ ਕਰਨ ਦੀਆਂ ਨਵੀਆਂ ਨੀਤੀਆਂ ਇਸ ਸੰਕਟ ਦੇ ਮੁੱਖ ਕਾਰਨ ਹਨ। ਸਥਿਤੀ ਇੰਨੀ ਗੰਭੀਰ ਹੋ ਰਹੀ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ, ਬਰੈਂਪਟਨ ਅਤੇ ਮਿਸੀਸਾਗਾ ਵਰਗੇ ਇਲਾਕਿਆਂ ਵਿਚ ਲੋਕਾਂ ਨੂੰ ਵਾਧੂ ਕਿਰਾਏ ਅਤੇ ਰੋਜ਼ਗਾਰ ਦੀ ਘਾਟ ਕਾਰਨ ਟੈਂਟਾਂ ਵਿਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਸ ਦਾ ਸਭ ਤੋਂ ਵੱਧ ਅਸਰ ਭਾਰਤੀ ਵਿਦਿਆਰਥੀਆਂ, ਟਰੱਕ ਡਰਾਈਵਰਾਂ, ਫੈਕਟਰੀ ਵਰਕਰਾਂ ਅਤੇ ਡਿਲੀਵਰੀ ਸੈਕਟਰ ਵਿਚ ਕੰਮ ਕਰਨ ਵਾਲਿਆਂ ‘ਤੇ ਪੈ ਰਿਹਾ ਹੈ। ਜੇਕਰ ਸਰਕਾਰ ਵੱਲੋਂ ਕੋਈ ਠੋਸ ਨੀਤੀ ਜਾਂ ਰਾਹਤ ਨਾ ਦਿੱਤੀ ਗਈ ਤਾਂ 2026 ਦੇ ਮੱਧ ਤੱਕ ਕੈਨੇਡਾ ਵਿਚ ਬਿਨਾਂ ਕਾਨੂੰਨੀ ਦਸਤਾਵੇਜ਼ਾਂ ਦੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਸਕਦਾ ਹੈ।
ਕੈਨੇਡਾ ‘ਚ ਵਰਕ ਪਰਮਿਟ ਖ਼ਤਮ ਹੋਣ ਕਾਰਨ 10 ਲੱਖ ਭਾਰਤੀਆਂ ਦੇ ਗੈਰ-ਕਾਨੂੰਨੀ ਹੋਣ ਦਾ ਖ਼ਤਰਾ!

