-ਸੜਕ ‘ਤੇ ਬਰਫ਼ ਦੀ ਫਿਸਲਣ ਕਾਰਨ ਟਰੱਕ ‘ਚ ਵੱਜੀ ਕਾਰ
ਨੋਵਾਸਕੋਸ਼ਿਆ (ਕੈਨੇਡਾ), 5 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਬਰਫੀਲੇ ਮਾਹੌਲ ‘ਚ ਵਾਪਰੇ ਸੜਕ ਹਾਦਸੇ ਦੌਰਾਨ 30 ਸਾਲਾ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਨੋਵਾਸਕੋਸ਼ਿਆ ਦੇ ਸਿਡਨੀ ‘ਚ ਸੜਕ ‘ਤੇ ਜੰਮੀ ਬਰਫ਼ ਉੱਪਰ ਫਿਸਲਣ ਕਾਰਨ ਉਸ ਦੀ ਕਾਰ ਦੀ ਇੱਕ ਟਰੱਕ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਹਾਦਸੇ ‘ਚ ਗੁਰਪ੍ਰੀਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ। ਗੁਰਪ੍ਰੀਤ ਸਿੰਘ ਪੰਜਾਬ ਦੇ ਪਿੰਡ ਵੜਿੰਗਖੇੜਾ ਦੇ ਕਿਸਾਨ ਜਸਕਰਨ ਸਿੰਘ ਦਾ ਇਕਲੌਤਾ ਪੁੱਤਰ ਸੀ। ਉਹ ਕਰੀਬ ਤਿੰਨ ਸਾਲ ਪਹਿਲਾਂ ਆਪਣੀ ਪਤਨੀ ਸਮੇਤ ਕੈਨੇਡਾ ਆਇਆ ਸੀ ਅਤੇ ਉਨ੍ਹਾਂ ਦੀ ਪੀ.ਆਰ. ਫਾਈਲ ਲੱਗੀ ਹੋਈ ਸੀ। ਪਰਿਵਾਰਕ ਸੂਤਰਾਂ ਮੁਤਾਬਕ ਬੀਤੇ ਕੱਲ੍ਹ ਗੁਰਪ੍ਰੀਤ ਸਿੰਘ ਆਪਣੀ ਪਤਨੀ ਨੂੰ ਉਸ ਦੇ ਕੰਮ ਵਾਲੀ ਜਗ੍ਹਾ ‘ਤੇ ਛੱਡ ਕੇ ਘਰ ਵਾਪਸ ਪਰਤ ਰਿਹਾ ਸੀ ਕਿ ਰਾਹ ਵਿਚ ਜਾਨਲੇਵਾ ਹਾਦਸਾ ਵਾਪਰ ਗਿਆ। ਦੁਖਦਾਈ ਘਟਨਾ ਦੀ ਸੂਚਨਾ ਪੁੱਜਣ ‘ਤੇ ਪਿੰਡ ਵੜਿੰਗਖੇੜਾ ਵਿਚ ਮਾਤਮ ਛਾ ਗਿਆ। ਮ੍ਰਿਤਕ ਦੇ ਚਾਚਾ ਪ੍ਰਿਤਪਾਲ ਸਿੰਘ ਵੜਿੰਗ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਕੈਨੇਡਾ ਵਿਚ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਕਰਵਾਈ ਜਾ ਰਹੀ ਹੈ।
ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

