#CANADA

ਕੈਨੇਡਾ ’ਚ ਪਰਿਵਾਰ ਦੇ ਛੇ ਜੀਆਂ ਦੀ ਚਾਕੂ ਨਾਲ ਹੱਤਿਆ

ਘਰ ’ਚ ਰਹਿ ਰਿਹਾ ਵਿਦਿਆਰਥੀ ਗ੍ਰਿਫ਼ਤਾਰ

ਟੋਰਾਂਟੋ, 8 ਮਾਰਚ

ਓਟਵਾ ਦੇ ਘਰ ’ਚ ਰਹਿ ਰਹੇ 19 ਸਾਲਾ ਸ੍ਰੀਲੰਕਾਈ ਵਿਦਿਆਰਥੀ ਨੂੰ ਢਾਈ ਮਹੀਨੇ ਦੀ ਬੱਚੀ ਸਮੇਤ ਘਰ ’ਚ ਰਹਿ ਰਹੇ ਛੇ ਵਿਅਕਤੀਆਂ ਦੀ ਚਾਕੂ ਨਾਲ ਹੱਤਿਆਵਾਂ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਫੈਬਰੀਸੀਓ ਡੀ-ਜ਼ੋਏਸਾ ਵਜੋਂ ਹੋਈ ਹੈ ਅਤੇ ਉਸ ‘ਤੇ ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਹਨ। ਕੈਨੇਡਾ ਵਿੱਚ ਸਮੂਹਿਕ ਕਤਲ ਦੀਆਂ ਘਟਨਾਵਾਂ ਆਮ ਨਹੀਂ ਹਨ। ਇਸ ਘਟਨਾ ਵਿੱਚ ਮਾਰੇ ਗਏ ਲੋਕ ਸ੍ਰੀਲੰਕਾ ਦੇ ਨਾਗਰਿਕ ਸਨ ਅਤੇ ਹਾਲ ਹੀ ਵਿੱਚ ਕੈਨੇਡਾ ਆਏ ਸਨ। ਮਰਨ ਵਾਲਿਆਂ ਵਿਚ 35 ਸਾਲਾ ਔਰਤ ਦਰਸ਼ਨੀ ਏਕਨਿਆਕੇ, ਉਸ ਦਾ ਸੱਤ ਸਾਲਾ ਪੁੱਤਰ ਏਨੁਕਾ ਵਿਕਰਮਾਸਿੰਘੇ, ਚਾਰ ਸਾਲਾ ਧੀ ਅਸ਼ਵਿਨੀ ਵਿਕਰਮਾਸਿੰਘੇ, ਦੋ ਸਾਲਾ ਧੀ ਰਿਨਿਆਨਾ ਵਿਕਰਮਾਸਿੰਘੇ ਅਤੇ ਡੇਢ ਮਹੀਨੇ ਦੀ ਬੱਚੀ ਕੈਲੀ ਵਿਕਰਮਸਿੰਘੇ ਅਤੇ ਪਰਿਵਾਰ ਦਾ 40 ਸਾਲਾ ਜਾਣਕਾਰ ਜੀ. ਗਾਮਿਨੀ ਅਮਰਕੂਨ ਸ਼ਾਮਲ ਹਨ। ਪੁਲੀਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਮ੍ਰਿਤਕ ਬੱਚਿਆਂ ਦਾ ਪਿਤਾ ਘਰ ਦੇ ਬਾਹਰ ਸੀ ਅਤੇ ਲੋਕਾਂ ਨੂੰ ਐਮਰਜੰਸੀ ਸੇਵਾਵਾਂ ਨੂੰ ਫੋਨ ਕਰਨ ਦੀ ਬੇਨਤੀ ਕਰ ਰਿਹਾ ਸੀ। ਪੁਲੀਸ ਨੂੰ ਬੀਤੀ ਰਾਤ 10.52 ਵਜੇ ਦੋ ਫ਼ੋਨ ਕਾਲ ਆਏ ਸਨ। ਪਿਤਾ ਵੀ ਗੰਭੀਰ ਰੂਪ ‘ਚ ਜ਼ਖਮੀ ਹੈ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਪਰ ਉਸ ਦੀ ਜਾਨ ਨੂੰ ਖਤਰਾ ਨਹੀਂ ਹੈ।