-ਕੈਨੇਡੀਅਨ ਬਾਰਡਰ ਸਿਕਿਓਰਿਟੀ ਏਜੰਸੀ ਵੱਲੋਂ ਵਿਦਿਆਰਥੀਆਂ ਨੂੰ ਡਿਪੋਰਟ ਨੋਟਿਸ ਜਾਰੀ
ਟੋਰਾਂਟੋ, 16 ਮਾਰਚ (ਪੰਜਾਬ ਮੇਲ)-ਕੈਨੇਡੀਅਨ ਬਾਰਡਰ ਸਿਕਿਓਰਿਟੀ ਏਜੰਸੀ (ਸੀ.ਬੀ.ਐੱਸ.ਏ.) ਨੇ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਕੀਤੇ ਹਨ, ਜਿਨ੍ਹਾਂ ਦੇ ਵਿਦਿਅਕ ਸੰਸਥਾਵਾਂ ਵਿਚ ਦਾਖਲੇ ਲਈ ਪੇਸ਼ਕਸ਼ ਪੱਤਰ (ਆਫਰ ਲੈਟਰ) ਜਾਅਲੀ ਪਾਏ ਗਏ ਸਨ। ਟੋਰਾਂਟੋ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਇਹ 700 ਵਿਦਿਆਰਥੀ +2 ਪਾਸ ਕਰਨ ਤੋਂ ਬਾਅਦ ਜਲੰਧਰ ਸਥਿਤ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸਿਜ਼ ਕੰਪਨੀ ਰਾਹੀਂ ਸਥਾਨਕ ਏਜੰਟ ਰਾਹੀਂ ਕੈਨੇਡਾ ਪਹੁੰਚੇ ਸਨ। ਸਮੱਸਿਆ ਉਦੋਂ ਸ਼ੁਰੂ ਹੋਈ, ਜਦੋਂ ਸੀ.ਬੀ.ਐੱਸ.ਏ. ਨੇ ਵਿਦਿਆਰਥੀਆਂ ਨੂੰ ਦਿੱਤੇ ਵੀਜ਼ੇ ਦੇ ਆਧਾਰ ‘ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਦਾਖਲਾ ਪੇਸ਼ਕਸ਼ ਪੱਤਰ ਜਾਅਲੀ ਪਾਇਆ। ਸਾਰੇ ਵਿਦਿਆਰਥੀਆਂ ਨੂੰ ਸੁਣਵਾਈ ਦਾ ਮੌਕਾ ਦੇਣ ਤੋਂ ਬਾਅਦ ਡਿਪੋਰਟ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ। ਇਹ ਇਸ਼ਾਰਾ ਕੀਤਾ ਗਿਆ ਕਿ ਏਜੰਟ ਨੇ ਚਲਾਕੀ ਨਾਲ ਸਾਡੀਆਂ ਵੀਜ਼ਾ ਅਰਜ਼ੀਆਂ ਦੀਆਂ ਫਾਈਲਾਂ ‘ਤੇ ਦਸਤਖਤ ਨਹੀਂ ਕੀਤੇ, ਸਗੋਂ ਹਰੇਕ ਵਿਦਿਆਰਥੀ ਕਿਸੇ ਏਜੰਟ ਦੀਆਂ ਸੇਵਾਵਾਂ ਲਏ ਬਿਨਾਂ ਸਵੈ-ਬਿਨੈਕਾਰ ਸੀ। ਏਜੰਟ ਨੇ ਅਜਿਹਾ ਜਾਣਬੁੱਝ ਕੇ ਕੀਤਾ ਹੈ।
ਸੀ.ਬੀ.ਐੱਸ.ਏ. ਨੇ 700 ਭਾਰਤੀ ਵਿਦਿਆਰਥੀਆਂ ਨੂੰ ਚਿੱਠੀ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੂੰ ਹੁਣ ਭਾਰਤ ਵਾਪਸ ਜਾਣਾ ਪਵੇਗਾ। ਇਨ੍ਹਾਂ ਵਿਦਿਆਰਥੀਆਂ ਕੋਲ ਸਿਰਫ ਕੋਰਟ ਵਿਚ ਨੋਟਿਸ ਦੀ ਚੁਣੌਤੀ ਦੇਣ ਦਾ ਰਸਤਾ ਬਚਿਆ ਹੈ, ਜਿਸ ਦੀ ਸੁਣਵਾਈ ਵਿਚ 3 ਤੋਂ 4 ਸਾਲ ਲੱਗ ਸਕਦੇ ਹਨ। ਹੰਬਰ ਕਾਲਜ ਵਿਚ ਦਾਖਲੇ ਲਈ ਹਰੇਕ ਵਿਦਿਆਰਥੀ ਤੋਂ 16 ਤੋਂ 20 ਲੱਖ ਰੁਪਏ ਲਏ ਗਏ ਸਨ। ਨਾਲ ਹੀ ਹਵਾਈ ਟਿਕਟ ਤੇ ਸੁਰੱਖਿਆ ਖਰਚ ਵੱਖਰੇ ਸਨ।
ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਉਹ ਵਿਦੇਸ਼ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਾਲਜ ਦੀਆਂ ਸਾਰੀਆਂ ਸੀਟਾਂ ਭਰ ਚੁੱਕੀਆਂ ਹਨ ਤੇ ਵਿਦਿਆਰਥੀਆਂ ਨੂੰ ਅਗਲੇ ਸਮੈਸਟਰ ਤੱਕ 6 ਮਹੀਨੇ ਦਾ ਇੰਤਜ਼ਾਰ ਕਰਨਾ ਹੋਵੇਗਾ। ਇਨ੍ਹਾਂ ਵਿਦਿਆਰਥੀਆਂ ਨੂੰ ਏਜੰਸੀ ਨੇ ਫੀਸ ਵਾਪਸ ਕਰ ਦਿੱਤੀ ਤੇ ਅਗਲੇ ਸਮੈਸਟਰ ਲਈ ਦਾਖਲ ਕਰਵਾਇਆ ਗਿਆ। ਵਿਦਿਆਰਥੀਆਂ ਨੇ ਪੜ੍ਹਾਈ ਪੂਰੀ ਕੀਤੀ। ਐਕਸਪੀਰੀਐਂਸ ਹਾਸਲ ਕਰਕੇ ਪੀ.ਆਰ. ਲਈ ਅਪਲਾਈ ਕੀਤਾ।
ਪੀ.ਆਰ. ਸਮੇਂ ਜਦੋਂ ਸੀ.ਬੀ.ਐੱਸ.ਏ. ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਵਿਦਿਆਰਥੀਆਂ ਨੂੰ ਜੋ ਆਫਰ ਲੈਟਰ ਏਜੰਟ ਨੇ ਮੁਹੱਈਆ ਕਰਵਾਇਆ ਸੀ, ਉਹ ਫਰਜ਼ੀ ਸੀ। ਇਸ ਲਈ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਲਈ ਨੋਟਿਸ ਦਿੱਤੇ ਗਏ। ਵਿਦਿਆਰਥੀਆਂ ਨੇ ਜਲੰਧਰ ਦੇ ਦਫਤਰ ਵਿਚ ਸੰਪਰਕ ਕੀਤਾ, ਤਾਂ ਏਜੰਟ ਦੇ ਦਫਤਰ ਦਾ ਤਾਲਾ ਲੱਗਿਆ ਮਿਲਿਆ। ਮਿਲੀ ਜਾਣਕਾਰੀ ਮੁਤਾਬਕ ਏਜੰਟ ਫਰਾਰ ਹੈ।
ਕੈਨੇਡਾ ‘ਚ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਦਸਤਾਵੇਜ਼ ਫਰਜ਼ੀ ਨਿਕਲੇ
