ਵਾਸ਼ਿੰਗਟਨ, 8 ਅਕਤੂਬਰ (ਪੰਜਾਬ ਮੇਲ)- ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਸਾਲ ਦੂਜੀ ਵਾਰ ਅਮਰੀਕਾ ਦੇ ਦੌਰੇ ‘ਤੇ ਪਹੁੰਚੇ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਦਾ ਸਵਾਗਤ ਕਰਨ ਲਈ ਵ੍ਹਾਈਟ ਹਾਊਸ ਦੇ ਗੇਟ ‘ਤੇ ਪਹੁੰਚੇ।
ਓਵਲ ਆਫਿਸ ‘ਚ ਕਾਰਨੀ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਮਜ਼ਾਕ ‘ਚ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦਾ ਰਲੇਵਾਂ ਹੋ ਸਕਦਾ ਹੈ। ਇਸ ਦੌਰਾਨ ਕਾਰਨੀ ਨੇ ਕਿਹਾ ਕਿ ਉਹ ਟਰੰਪ ਦੀ ਗਾਜ਼ਾ-ਇਜ਼ਰਾਈਲ ਸ਼ਾਂਤੀ ਯੋਜਨਾ ਦਾ ਸਮਰਥਨ ਕਰਦੇ ਹਨ ਅਤੇ ਕੈਨੇਡਾ ਇਸ ਵਿਚ ਮਦਦ ਕਰੇਗਾ। ਕਾਰਨੀ ਨੇ ਟਰੰਪ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਇਕ ਸਪੈਸ਼ਲ ਰਾਸ਼ਟਰਪਤੀ ਦੱਸਿਆ। ਉਨ੍ਹਾਂ ਕਿਹਾ ਕਿ ਟਰੰਪ ਨੇ ਨਾਟੋ ਦੇਸ਼ਾਂ ਤੋਂ ਰੱਖਿਆ ਖਰਚ ਵਧਾ ਕੇ ਈਰਾਨ ਨੂੰ ਕਮਜ਼ੋਰ ਕੀਤਾ ਹੈ।
ਟਰੰਪ ਨੇ ਕਾਰਨੀ ਦੀ ਸ਼ਲਾਘਾ ਕਰਦਿਆਂ ਮਜ਼ਾਕ ਵਿਚ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਬਹੁਤ ਮਸ਼ਹੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਬੰਧ ਸ਼ੁਰੂ ਤੋਂ ਹੀ ਚੰਗੇ ਰਹੇ ਹਨ ਪਰ ਕੁਝ ਛੋਟੇ-ਮੋਟੇ ਮਤਭੇਦ ਹਨ, ਜਿਨ੍ਹਾਂ ਨੂੰ ਉਹ ਹੱਲ ਕਰ ਲੈਣਗੇ।
ਵ੍ਹਾਈਟ ਹਾਊਸ ਵਿਖੇ ਦੁਵੱਲੀ ਗੱਲਬਾਤ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਵਿਚਕਾਰ ”ਸ਼ਾਂਤੀ ਸਥਾਪਤ ਕਰਨ” ਵਿਚ ਮੁੱਖ ਭੂਮਿਕਾ ਨਿਭਾਈ। ਕਾਰਨੀ ਨੇ ਟਰੰਪ ਨੂੰ ”ਇੱਕ ਪਰਿਵਰਤਨਸ਼ੀਲ ਰਾਸ਼ਟਰਪਤੀ” ਦੱਸਿਆ, ਜਿਨ੍ਹਾਂ ਦੀਆਂ ਨੀਤੀਆਂ ਨੇ ਵਿਸ਼ਵ ਰਾਜਨੀਤੀ ਅਤੇ ਅਰਥਵਿਵਸਥਾ ਨੂੰ ਮੁੜ ਆਕਾਰ ਦਿੱਤਾ ਹੈ।
ਕੈਨੇਡਾ-ਅਮਰੀਕਾ ਦਾ ਹੋ ਸਕਦੈ ਰਲੇਵਾਂ : ਟਰੰਪ
