ਅੰਮ੍ਰਿਤਸਰ, 5 ਮਾਰਚ (ਪੰਜਾਬ ਮੇਲ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਸਰਾਂ ਵਿੱਚ ਕਮਰਿਆਂ ਨੂੰ ਲੈ ਕੇ ਵਾਇਰਲ ਕੀਤੀ ਜਾ ਰਹੀ ਵੀਡੀਓ ਬਾਰੇ ਪ੍ਰਤੀਕਰਮ ਦਿੰਦਿਆ ਮੈਨੇਜਰ ਸ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਇਹ ਸਭ ਸੰਸਥਾ ਦੇ ਪ੍ਰਬੰਧ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜਾਨਾ ਲੱਖਾਂ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ। ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਯੋਗ ਪ੍ਰਬੰਧ ਕਰਨ ਦੇ ਯਤਨ ਕੀਤੇ ਜਾਂਦੇ ਹਨ। ਉਨ੍ਹਾ ਦੱਸਿਆ ਕਿ ਇਸ ਸਮੇਂ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਸਰਾਵਾਂ ਵਿੱਚ 800 ਦੇ ਕਰੀਬ ਕਮਰੇ ਹਨ ਜੋ ਸੰਗਤ ਨੂੰ ਦਿੱਤੇ ਜਾਂਦੇ ਹਨ। ਕੁਝ ਲੋਕ ਫੋਕੀ ਸ਼ੋਹਰਤ ਖੱਟਣ ਅਤੇ ਸਿੱਖ ਸੰਸਥਾ ਨੂੰ ਬਦਨਾਮ ਕਰਨ ਲਈ ਘਟੀਆ ਕਿਸਮ ਦੀਆਂ ਹਰਕਤਾਂ ਕਰਦੇ ਰਹਿੰਦੇ ਹਨ। ਉਨ੍ਹਾ ਕਿਹਾ ਕਿ ਇਹ ਵੀਡੀਓ ਵੀ ਪੁਰਾਣੀ ਹੈ ਜੋ ਹੁਣ ਜਾਣਬੁਝ ਕੇ ਵਾਇਰਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਪ੍ਰਬੰਧ ਪੂਰਾ ਪਾਰਦਰਸ਼ੀ ਹੈ ਅਤੇ ਸੰਗਤ ਕੋਲੋਂ ਲਈ ਭੇਟਾ ਦੀ ਰਸੀਦ ਕੱਟ ਕੇ ਦਿੱਤੀ ਜਾਂਦੀ ਹੈ। ਉਨ੍ਹਾ ਦੱਸਿਆ ਕਿ ਕਮਰਿਆਂ ਵਾਸਤੇ ਲਈ ਭੇਟਾ ਉਨਹਾ ਦੇ ਰਖ-ਰਖਾਅ ਲਈ ਵਰਤੀ ਜਾਂਦੀ ਹੈ ਜਦਕਿ ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚ ਸੰਗਤ ਨੂੰ ਕਮਰੇ ਬਿਲਕੁਲ ਫ੍ਰੀ ਦਿੱਤੇ ਜਾਂਦੇ ਹਨ। ਉਨ੍ਹਾ ਵੀਡੀਓ ਵਾਇਰਲ ਕਰਕੇ ਸੰਗਤ ਨੂੰ ਗੁਮਰਾਹ ਕਰਨ ਵਾਲੇ ਵਿਅਕਤੀ ਨੂੰ ਵੀਡੀਓ ਤੁਰੰਤ ਹਟਾਉਣ ਅਤੇ ਸੰਗਤ ਪਾਸੋਂ ਮੁਆਫ਼ੀ ਮੰਗਣ ਲਈ ਕਿਹਾ। ਉਨ੍ਹਾ ਕਿਹਾ ਕਿ ਜੇਕਰ ਇਸ ਵਿਅਕਤੀ ਨੇ ਅਜਿਹਾ ਨਾ ਕੀਤਾ ਤਾਂ ਸੰਸਥਾ ਵੱਲੋਂ ਇਸ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇਗੀ।