ਆਸਟਰੇਲੀਆ, ਨਿਊਜ਼ੀਲੈਂਡ ਤੇ ਦੱਖਣ-ਪੂਰਬੀ ਏਸ਼ੀਆ ਨਾਲ ਪੰਜਾਬ ਦੇ ਹਵਾਈ ਸੰਪਰਕ ਨੂੰ ਮਿਲਿਆ ਹੁਲਾਰਾ
ਅੰਮ੍ਰਿਤਸਰ, 2 ਅਗਸਤ (ਪੰਜਾਬ ਮੇਲ)- ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਹਵਾਈ ਸੰਪਰਕ ‘ਚ ਅਗਸਤ ਮਹੀਨੇ ਤੋਂ ਵਾਧਾ ਹੋਇਆ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਨੇ ਪਹਿਲੀ ਅਗਸਤ ਤੋਂ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਦਰਮਿਆਨ ਹਫ਼ਤੇ ‘ਚ ਚਾਰ ਉਡਾਣਾਂ ਦੀ ਗਿਣਤੀ ਨੂੰ ਰੋਜ਼ਾਨਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਦੀਆਂ ਹੁਣ ਰੋਜ਼ਾਨਾ ਉਡਾਣਾਂ ਦੇ ਨਾਲ-ਨਾਲ ਏਅਰ ਏਸ਼ੀਆ ਐਕਸ ਦੀਆਂ ਹਫ਼ਤੇ ‘ਚ ਚਾਰ ਅਤੇ ਬਟਿਕ ਏਅਰ ਦੀਆਂ ਤਿੰਨ ਉਡਾਣਾਂ ਨਾਲ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਵਿਚਕਾਰ ਮਹੱਤਵਪੂਰਨ ਵਾਧਾ ਹੋਇਆ ਹੈ।
ਪੰਜਾਬ ਦੇ ਯਾਤਰੀਆਂ ਤੋਂ ਇਲਾਵਾ, ਇਨ੍ਹਾਂ ਉਡਾਣਾਂ ਤੋਂ ਗੁਆਂਢੀ ਰਾਜ ਦੇ ਯਾਤਰੀ ਵੀ ਲਾਭ ਲੈ ਰਹੇ ਹਨ। ਸ਼੍ਰੀ ਗੁਮਟਾਲਾ ਨੇ ਕਿਹਾ ਕਿ ਉਡਾਣਾਂ ਵਿਚ ਵਾਧੇ ਨਾਲ ਸਿੱਧਾ ਪੰਜਾਬ ਪਹੁੰਚਣਾ ਹੁਣ ਹੋਰ ਸੁਖਾਲਾ ਹੋ ਗਿਆ ਹੈ। ਆਸਟਰੇਲੀਆ ਦੇ ਮੈਲਬਰਨ, ਸਿਡਨੀ, ਐਡੀਲੇਡ, ਬ੍ਰਿਸਬਨ, ਪਰਥ ਅਤੇ ਨਿਊਜ਼ੀਲੈਂਡ ਦੇ ਆਕਲੈਂਡ ਵਰਗੇ ਸ਼ਹਿਰਾਂ ‘ਚ ਵੱਸਦੇ ਪੰਜਾਬੀ ਕੁਆਲਾਲੰਪੁਰ ਵਿਚ ਦੋ ਤੋਂ ਤਿੰਨ ਘੰਟੇ ਰੁੱਕ ਕੇ ਵੀ ਸਿਰਫ਼ 15 ਤੋਂ 18 ਘੰਟਿਆਂ ‘ਚ ਪੰਜਾਬ ਲਈ ਆਪਣੀ ਯਾਤਰਾ ਪੂਰੀ ਕਰ ਸਕਦੇ ਹਨ। ਇਸ ਦੇ ਨਾਲ ਸਿੰਗਾਪੁਰ ਏਅਰਲਾਈਨਜ਼ ਦੀ ਸਹਾਇਕ ਏਅਰਲਾਈਨ ਸਕੂਟ ਵੀ ਯਾਤਰੀਆਂ ਨੂੰ ਸਿੰਗਾਪੁਰ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਹਫ਼ਤੇ ‘ਚ ਪੰਜ ਉਡਾਣਾਂ ਨਾਲ ਜੋੜਦੀ ਹੈ। ਇਨ੍ਹਾਂ ਸਾਰੀਆਂ ਏਅਰਲਾਈਨਾਂ ਰਾਹੀਂ ਵੱਡੀ ਗਿਣਤੀ ਸੈਲਾਨੀ ਬਹੁਤ ਹੀ ਘੱਟ ਸਮੇਂ ਅਤੇ ਕਿਰਾਏ ‘ਚ ਬਾਲੀ, ਬੈਂਕਾਕ, ਫੂਕੇਟ, ਵੀਅਤਨਾਮ ਆਦਿ ਵੀ ਆ-ਜਾ ਸਕਦੇ ਹਨ।