ਨੈਰੋਬੀ ਦੇ ਹਵਾਈ ਅੱਡੇ ‘ਤੇ ਫਸੇ ਯਾਤਰੀ ; ਵਰਕਰਾਂ ਨੇ ਸਰਕਾਰ ਤੋਂ ਰੋਜ਼ਗਾਰ ਨਾ ਖੁੱਸਣ ਦੀ ਗਾਰੰਟੀ ਮੰਗੀ
ਨੈਰੋਬੀ, 12 ਸਤੰਬਰ (ਪੰਜਾਬ ਮੇਲ)- ਕੀਨੀਆ ਸਰਕਾਰ ਅਤੇ ਭਾਰਤ ਦੇ ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਗਰੁੱਪ ਦਰਮਿਆਨ ਹੋਏ ਸਮਝੌਤੇ ਦੇ ਵਿਰੋਧ ‘ਚ ਬੁੱਧਵਾਰ ਨੂੰ ਦੇਸ਼ ਦੇ ਮੁੱਖ ਹਵਾਈ ਅੱਡੇ ‘ਤੇ ਸੈਂਕੜੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ, ਜਿਸ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ ਅਤੇ ਸੈਂਕੜੇ ਯਾਤਰੀ ਹਵਾਈ ਅੱਡੇ ‘ਤੇ ਫਸੇ ਰਹੇ। ਸਰਕਾਰ ਨੇ ਕਿਹਾ ਕਿ ਅਡਾਨੀ ਗਰੁੱਪ ਨਾਲ ਉਸਾਰੀ ਅਤੇ ਸੰਚਾਲਨ ਸਮਝੌਤੇ ਤਹਿਤ ਜੋਮੋ ਕੀਨੀਅੱਟਾ ਕੌਮਾਂਤਰੀ ਹਵਾਈ ਅੱਡੇ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਇਕ ਹੋਰ ਰਨਵੇਅ ਤੇ ਟਰਮੀਨਲ ਬਣਾਏ ਜਾਣਗੇ। ਇਸ ਸਮਝੌਤੇ ਤਹਿਤ ਅਡਾਨੀ ਗਰੁੱਪ ਵੱਲੋਂ 30 ਸਾਲਾਂ ਤੱਕ ਹਵਾਈ ਅੱਡੇ ਦਾ ਸੰਚਾਲਨ ਕੀਤਾ ਜਾਵੇਗਾ।
‘ਕੀਨੀਆ ਏਅਰਪੋਰਟ ਵਰਕਰਜ਼ ਯੂਨੀਅਨ’ ਨੇ ਹੜਤਾਲ ਦਾ ਐਲਾਨ ਕਰਦਿਆਂ ਦੋਸ਼ ਲਾਇਆ ਕਿ ਇਸ ਸਮਝੌਤੇ ਨਾਲ ਲੋਕਾਂ ਦੇ ਰੋਜ਼ਗਾਰ ਖੁੱਸ ਜਾਣਗੇ ਅਤੇ ਜਿਨ੍ਹਾਂ ਦੀਆਂ ਨੌਕਰੀਆਂ ਬਚੀਆਂ ਰਹਿਣਗੀਆਂ ਉਨ੍ਹਾਂ ‘ਤੇ ‘ਸੇਵਾ ਦੇ ਬੇਹੱਦ ਖ਼ਰਾਬ ਨਿਯਮ ਤੇ ਸ਼ਰਤਾਂ’ ਲਾਈਆਂ ਜਾਣਗੀਆਂ। ਨੈਰੋਬੀ ਵਿਚ ਸੇਵਾ ਦੇਣ ਵਾਲੀ ਜਹਾਜ਼ ਕੰਪਨੀ ‘ਕੀਨੀਆ ਏਅਰਵੇਜ਼’ ਨੇ ਐਲਾਨ ਕੀਤਾ ਕਿ ਹਵਾਈ ਅੱਡੇ ‘ਤੇ ਜਾਰੀ ਹੜਤਾਲ ਕਾਰਨ ਹਵਾਈ ਉਡਾਣਾਂ ‘ਚ ਦੇਰੀ ਹੋਵੇਗੀ ਤੇ ਉਡਾਣਾਂ ਰੱਦ ਵੀ ਕਰਨੀਆਂ ਪੈ ਸਕਦੀਆਂ ਹਨ। ਹਵਾਈ ਅੱਡਾ ਕਰਮਚਾਰੀਆਂ ਨੇ ਪਿਛਲੇ ਹਫ਼ਤੇ ਹੜਤਾਲ ਦੀ ਚਿਤਾਵਨੀ ਦਿੱਤੀ ਸੀ ਪਰ ਸਰਕਾਰ ਨਾਲ ਗੱਲਬਾਤ ਹੋਣ ਤੱਕ ਵਾਪਸ ਲੈ ਲਈ ਸੀ।
ਸੈਂਟਰਲ ਆਰਗੇਨਾਈਜ਼ੇਸ਼ਨ ਆਫ ਟਰੇਡ ਯੂਨੀਅਨਜ਼ ਦੇ ਜਨਰਲ ਸਕੱਤਰ ਫਰਾਂਸਿਸ ਅਤਵੋਲੀ ਨੇ ਹਵਾਈ ਅੱਡੇ ‘ਤੇ ਕਿਹਾ ਕਿ ਸਰਕਾਰ ਵਰਕਰਾਂ ਨੂੰ ਲਿਖਤੀ ਤੌਰ ‘ਤੇ ਯਕੀਨੀ ਦਿਵਾਵੇ ਕਿ ਉਨ੍ਹਾਂ ਦੀਆਂ ਨੌਕਰੀਆਂ ਨਹੀਂ ਜਾਣਗੀਆਂ। ਪਿਛਲੇ ਹਫ਼ਤੇ ਸਥਾਨਕ ਮੀਡੀਆ ਦੀਆਂ ਖ਼ਬਰਾਂ ਮੁਤਾਬਕ, ਹਵਾਈ ਅੱਡਾ ਅਧਿਕਾਰੀਆਂ ਨਾਲ ਅਣਪਛਾਤੇ ਲੋਕਾਂ ਨੂੰ ਉਥੇ ਨੇੜੇ-ਤੇੜੇ ਘੁੰਮਦੇ ਦੇਖਿਆ ਗਿਆ, ਜਿਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਨਾਲ ਇਹ ਚਿੰਤਾ ਵਧ ਗਈ ਕਿ ਭਾਰਤੀ ਕੰਪਨੀ ਦੇ ਅਧਿਕਾਰੀ ਸਮਝੌਤੇ ਲਈ ਤਿਆਰ ਹਨ। ਹਾਈ ਕੋਰਟ ਨੇ ਸੁਣਵਾਈ ਹੋਣ ਤੱਕ ਸਮਝੌਤਾ ਲਾਗੂ ਕਰਨ ‘ਤੇ ਆਰਜ਼ੀ ਰੋਕ ਲਾ ਦਿੱਤੀ ਹੈ।