#PUNJAB

ਕਿਸਾਨ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ, ਅੰਦੋਲਨ ਦੇ ਸਮਰਥਨ ਵਿਚ ਆਏ ਲੋਕ

ਨਵੀਂ ਦਿੱਲੀ, 16 ਫ਼ਰਵਰੀ (ਪੰਜਾਬ ਮੇਲ)- ਕਿਸਾਨਾਂ ਦਾ ਅੰਦੋਲਨ ਅੱਜ ਤੀਜੇ ਦਿਨ ਵੀ ਜਾਰੀ ਹੈ। ਹਰਿਆਣਾ-ਪੰਜਾਬ ਸਰਹੱਦਾਂ ‘ਤੇ ਵੱਡੀ ਗਿਣਤੀ ‘ਚ ਕਿਸਾਨ ਖੜ੍ਹੇ ਹਨ। ਦਿੱਲੀ ਦੇ ਨਾਲ ਲੱਗਦੇ ਹਰਿਆਣਾ ਅਤੇ ਯੂਪੀ ਦੀਆਂ ਸਰਹੱਦਾਂ ‘ਤੇ ਪੁਲਸ ਦੀ ਸਖ਼ਤ ਨਿਗਰਾਨੀ ਹੈ। ਅੰਦੋਲਨ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਸ ਨੇ ਕਈ ਬੈਰੀਕੇਡ ਲਗਾ ਦਿੱਤੇ ਹਨ। ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਲਈ ਸਰਕਾਰ ਤਿੰਨ ਗੇੜ ਦੀ ਗੱਲਬਾਤ ਕੀਤੀ ਹੈ।

ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਮਜ਼ਦੂਰ ਜਥੇਬੰਦੀਆਂ ਸਮੇਤ ਕਿਸਾਨ ਜਥੇਬੰਦੀਆਂ ਨੇ ਅੱਜ ਭਾਰਤ ਬੰਦ (ਦਿਹਾਤੀ) ਦਾ ਐਲਾਨ ਕੀਤਾ ਹੈ। ਇਹ ਬੰਦ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੰਜਾਬ ‘ਚ ਕਈ ਥਾਵਾਂ ‘ਤੇ ਕਿਸਾਨ ਪਟੜੀਆਂ ‘ਤੇ ਬੈਠ ਗਏ। ਦੋ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ। ਲੁਧਿਆਣਾ-ਸਾਹਨੇਵਾਲ-ਚੰਡੀਗੜ੍ਹ ਰੂਟ ‘ਤੇ ਚੱਲਣ ਲਈ 6 ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ। ਦੋ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਸੀ। ਦਿੱਲੀ-ਅੰਮ੍ਰਿਤਸਰ ਰੂਟ ‘ਤੇ ਕੁਝ ਟਰੇਨਾਂ ਨੂੰ ਹੋਰ ਰੂਟਾਂ ਰਾਹੀਂ ਭੇਜਿਆ ਗਿਆ। ਕਿਸਾਨਾਂ ਨੇ ਕਈ ਟੋਲ ਪਲਾਜ਼ਿਆਂ ‘ਤੇ ਪ੍ਰਦਰਸ਼ਨ ਵੀ ਕੀਤਾ ਅਤੇ ਅਧਿਕਾਰੀਆਂ ‘ਤੇ ਯਾਤਰੀਆਂ ਤੋਂ ਟੋਲ ਟੈਕਸ ਨਾ ਵਸੂਲਣ ਲਈ ਦਬਾਅ ਪਾਇਆ।

ਸੰਯੁਕਤ ਕਿਸਾਨ ਮੋਰਚਾ (SKM) ਨੇ ਅੱਜ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ, ਜਿਸ ਨੂੰ ‘ਗ੍ਰਾਮੀਣ ਭਾਰਤ ਬੰਦ’ ਦਾ ਨਾਂ ਦਿੱਤਾ ਗਿਆ ਹੈ। ਗ੍ਰਾਮੀਣ ਭਾਰਤ ਬੰਦ ਸਵੇਰੇ 6:00 ਵਜੇ ਤੋਂ ਸ਼ਾਮ 4:00 ਵਜੇ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਕੇਂਦਰੀ ਟਰੇਡ ਯੂਨੀਅਨਾਂ ਦੇ ਸਮਰਥਨ ਵਾਲੇ ਕਿਸਾਨ ਦੇਸ਼ ਭਰ ਵਿੱਚ ਮੁੱਖ ਸਥਾਨਾਂ ‘ਤੇ ਸੜਕਾਂ ਨੂੰ ਜਾਮ ਕਰ ਸਕਦੇ ਹਨ। ਪੰਜਾਬ ਦੇ ਕਈ ਰਾਜ ਅਤੇ ਰਾਸ਼ਟਰੀ ਰਾਜ ਮਾਰਗ ਚਾਰ ਘੰਟੇ ਲਈ ਬੰਦ ਰਹਿਣਗੇ। ਇਸ ਦੇ ਨਾਲ ਹੀ ਹਰਿਆਣਾ ਦੇ ਸਭ ਤੋਂ ਵੱਡੇ ਕਿਸਾਨ ਸੰਗਠਨ ਨੇ ਵੀ ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।