#PUNJAB

ਕਿ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਨੂੰ ਸੈਕਟਰਾਂ ਵਿਚ ਵੰਡਿਆ ਗਿਆ

ਸ੍ਰੀ ਅਨੰਦਪੁਰ ਸਾਹਿਬ/ਚੰਡੀਗੜ੍ਹ/ਜਲੰਧਰ – 8 ਮਾਰਚ (ਪੰਜਾਬ ਮੇਲ)-ਅਰਪਿਤ ਸ਼ੁਕਲਾ ਆਈ. ਪੀ. ਐੱਸ. ਸਪੈਸ਼ਲ ਡਾਇਰੈਕਟਰ ਜਨਰਲ ਪੁਲਸ ਪੰਜਾਬ ਨੇ ਦੱਸਿਆ ਕਿ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਨੂੰ ਸੈਕਟਰਾਂ ਵਿਚ ਵੰਡਿਆ ਗਿਆ ਹੈ, ਜਿੱਥੇ 25 ਐੱਸ. ਪੀ. ਅਤੇ 46 ਡੀ. ਐੱਸ. ਪੀ. ਸਮੇਤ ਲਗਭਗ 5000 ਪੁਲਸ ਕਰਮਚਾਰੀ 24×7 ਮੇਲਾ ਖੇਤਰ ’ਤੇ ਨਜ਼ਰ ਰੱਖਣਗੇ। ਇਸ ਵਾਰ 150 ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ, ਜਿਸ ਨਾਲ ਗੈਰ-ਸਮਾਜੀ ਅਨਸਰਾਂ ਤੇ ਹੁੱਲੜਬਾਜ਼ਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ।

ਸ਼ੁੱਕਰਵਾਰ ਹੋਲਾ-ਮਹੱਲਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੱਲਬਾਤ ਕਰਦੇ ਹੋਏ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਲੱਖਾਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਪਹੁੰਚਦੀ ਹੈ। ਉਨ੍ਹਾਂ ਦੱਸਿਆ ਕਿ ਸੁਚਾਰੂ ਟ੍ਰੈਫਿਕ ਵਿਵਸਥਾ ਲਈ ਰੂਟ ਡਾਇਵਰਜ਼ਨ ਅਤੇ ਮੇਲਾ ਖੇਤਰ ਨੂੰ ਆਉਣ ਵਾਲੇ ਰਸਤਿਆਂ ’ਤੇ ਬੈਰੀਕੇਡਿੰਗ ਕੀਤੀ ਗਈ ਹੈ।

ਟਰੈਕਟਰ, ਟਰਾਲੀਆਂ, ਦੋਪਹੀਆਂ ਵਾਹਨਾਂ ਅਤੇ ਆਉਣ ਵਾਲੀ ਸੰਗਤ ਨੂੰ ਉੱਚੀ ਆਵਾਜ਼ ਵਾਲੇ ਸਪੀਕਰ ਨਾ ਲਾਉਣ ਦੀ ਅਪੀਲ ਵੀ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਨਾ, ਐੱਸ. ਪੀ. ਰਾਜਪਾਲ ਸਿੰਘ ਹੁੰਦਲ, ਐੱਸ. ਪੀ. ਨਵਨੀਤ ਸਿੰਘ ਮਾਹਲ, ਐੱਸ. ਪੀ. ਰੁਪਿੰਦਰ ਕੌਰ ਸਰਾਂ, ਡੀ. ਐੱਸ. ਪੀ. ਅਜੇ ਸਿੰਘ, ਥਾਣਾ ਮੁਖੀ ਦਾਨਿਸ਼ਵੀਰ ਸਿੰਘ ਹਾਜ਼ਰ ਸਨ।