ਭੁਲੱਥ, 18 ਅਕਤੂਬਰ (ਪੰਜਾਬ ਮੇਲ)- ਬੀਤੇ ਦਿਨੀਂ ਭੁਲੱਥ ਦੇ ਅੰਤਰਰਾਸ਼ਟਰੀ ਕਾਮਨਵੈਲਥ ਪਾਵਰਲਿਫਟਰ ਅਜੈ ਗੋਗਨਾ ਸਪੁੱਤਰ ਪ੍ਰਵਾਸੀ ਪੱਤਰਕਾਰ ਸ਼੍ਰੀ ਰਾਜ ਗੋਗਨਾ ਦਾ ਮਿਲਨ ਪੈਲੇਸ, ਗੁਰਾਇਆ (ਜ਼ਿਲ੍ਹਾ, ਜਲੰਧਰ) ਵਿਖੇ ਕਰਵਾਈ ਗਈ ਵਿਜੈ ਕਲਾਸਿਕ ਪੰਜਾਬ ਸਟੇਟ ਬੈੱਚ ਪ੍ਰੈੱਸ ਪਾਵਰਲਿਫਟਿੰਗ ਚੈਂਪੀਅਨਸ਼ਿਪ ‘ਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਾਮਨਵੈਲਥ ਗੋਲਡ ਮੈਡਲਿਸਟ ਦਾ ਚੈਂਪੀਅਨਸ਼ਿਪ ਦੇ ਪ੍ਰਬੰਧਕਾਂ ਅਤੇ ਨਾਮੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਾਵਰਲਿਫਟਰਾਂ ਅਤੇ ਉਚੇਚੇ ਤੌਰ ‘ਤੇ ਪੁੱਜੇ ਇੰਡੀਆ ਪਾਵਰਲਿਫਟਿੰਗ ਦੇ ਉਪ-ਪ੍ਰਧਾਨ ਬਿਸ਼ਮ ਪਿਤਾਮਾ ਅਤੇ ਪਾਵਰਲਿਫਟਿੰਗ ਦੇ ਗੁਰੂ ਵਜੋਂ ਜਾਣੇ ਜਾਂਦੇ ਸ਼੍ਰੀ ਪੂਰਨ ਸਿੰਘ ਵੱਲੋਂ ਅਜੈ ਗੋਗਨਾ ਦੀ ਖੇਡ ਬਾਰੇ ਅਤੇ ਉਸ ਵੱਲੋਂ ਹਾਸਲ ਕੀਤੀਆਂ ਗਈਆਂ ਪ੍ਰਾਪਤੀਆਂ ਤੋਂ ਸਮੂਹ ਖਿਡਾਰੀਆਂ ਨੂੰ ਜਾਣੂ ਕਰਵਾਉਂਦੇ ਹੋਏ ਪਾਵਰਲਿਫਟਰ ਅਜੈ ਗੋਗਨਾ ਦੀ ਖ਼ੂਬ ਪ੍ਰਸ਼ੰਸਾ ਕੀਤੀ। ਇਸ ਪੰਜਾਬ ਪੱਧਰ ਦੀ ਹੋਈ ਚੈਂਪੀਅਨਸ਼ਿਪ ਮੌਕੇ ਅਜੈ ਗੋਗਨਾ ਨੂੰ ਉਨ੍ਹਾਂ ਦੀ ਇਕ ਤਸਵੀਰ ਭੇਂਟ ਕੀਤੀ ਗਈ। ਜਿਨ੍ਹਾਂ ਵਿਚ ਉਨ੍ਹਾਂ ਦੀਆਂ ਪ੍ਰਾਪਤੀਆ ਨਸ਼ਰ ਸਨ। ਇਸ ਮੌਕੇ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਸੰਬੋਧਨ ਕਰਦਿਆਂ ਅੰਤਰਰਾਸ਼ਟਰੀ ਪਾਵਰਲਿਫਟਰ ਅਜੈ ਗੋਗਨਾ ਨੇ ਕਿਹਾ ਕਿ ਖੇਡਾਂ ਨਾਲ ਜੁੜਨਾ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਹੋਣਾ ਹੈ ਅਤੇ ਖੇਡਾਂ ਨਸ਼ਿਆਂ ਨੂੰ ਮਾਤ ਪਾਉਣ ਵਿਚ ਸਹਾਈ ਹੁੰਦੀਆਂ ਹਨ। ਖੇਡਾਂ ਜ਼ਰੀਏ ਸਾਡੇ ਵਿਚ ਆਤਮ ਵਿਸ਼ਵਾਸ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਖਿਡਾਰੀ ਆਪਣੇ ਦੇਸ਼ ਦਾ ਸ਼ਰਮਾਇਆ ਹੁੰਦੇ ਹਨ। ਅਜੈ ਗੋਗਨਾ ਨੇ ਕਿਹਾ, ਜਦੋਂ ਵਿਦੇਸ਼ਾਂ ਵਿਚ ਜਾ ਕੇ ਮੈਂ ਜਾਂ ਕੋਈ ਹੋਰ ਮੇਰਾ ਵੀਰ ਖਿਡਾਰੀ ਆਪਣੇ ਭਾਰਤ ਵਤਨ ਦਾ ਤਿਰੰਗਾ ਹਿੱਕ ਨਾਲ ਲਾ ਕੇ ਸਨਮਾਨ ਲੈਂਦਾ ਹੈ, ਤਾਂ ਆਪਣੇ ਦੇਸ਼ ਦਾ ਆਪਣੀ ਜਨਮ ਭੂਮੀ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਹੁੰਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਭੁਲੱਥ ਨਿਵਾਸੀ ਅਜੈ ਗੋਗਨਾ ਕੈਨੇਡਾ, ਜਾਪਾਨ, ਆਸਟ੍ਰੇਲੀਆ, ਦੁਬਈ ਆਦਿ ਦੇਸ਼ਾਂ ਵਿਚ ਖੇਡ ਕੇ ਗੋਲਡ ਮੈਡਲ ਪ੍ਰਾਪਤ ਕਰਨ ਤੋਂ ਇਲਾਵਾਂ ਕਾਮਨਵੈਲਥ ਜੇਤੂ ਹਨ। ਗੋਗਨਾ ਦੀਆਂ ਪ੍ਰਾਪਤੀਆਂ ਵੱਲ ਜੇ ਝਾਤ ਮਾਰੀ ਜਾਵੇ, ਤਾਂ ਉਹ 17 ਵਾਰ ਨੈਸ਼ਨਲ ਅਤੇ 5 ਵਾਰ ਇੰਟਰਨੈਸ਼ਨਲ ਪੱਧਰ ‘ਤੇ ਗੋਲਡ ਮੈਡਲ ਅਤੇ 17 ਵਾਰ ਨੈਸ਼ਨਲ ਗੋਲਡ ਮੈਡਲ ਜੇਤੂ ਹਨ।