ਲੁਧਿਆਣਾ, 20 ਜਨਵਰੀ (ਪੰਜਾਬ ਮੇਲ)- ਲੁਧਿਆਣਾ ਤੋਂ ਕਾਂਗਰਸੀ ਐੱਮ.ਪੀ. ਰਵਨੀਤ ਸਿੰਘ ਬਿੱਟੂ ਦੇ ਗੰਨਮੈਨ ਦੀ ਸ਼ੱਕੀ ਹਾਲਤ ‘ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗੰਨਮੈਨ ਦੀ ਖੁਦ ਦੀ ਪਿਸਤੌਲ ਤੋਂ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਫਿਲਹਾਲ ਇਸ ਵਾਰਦਾਤ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਐੱਮ.ਪੀ. ਰਵਨੀਤ ਬਿੱਟੂ ਕੋਠੀ ‘ਚ ਹੀ ਸੀ। ਮ੍ਰਿਤਕ ਗੰਨਮੈਨ ਰਵਨੀਤ ਬਿੱਟੂ ਦੀ ਰਿਹਾਇਸ਼ ਵਿਖੇ ਤੈਨਾਤ ਸੀ।
ਮ੍ਰਿਤਕ ਫੌਜੀ ਦੀ ਪਛਾਣ ਸੰਦੀਪ ਕੁਮਾਰ (32) ਵਾਸੀ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਗੋਲੀ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ। ਉੱਥੇ ਹੀ ਤੈਨਾਤ ਉਸ ਦਾ ਸਾਥੀ ਜਦੋਂ ਉਸ ਦੇ ਕਮਰੇ ਦੇ ਨੇੜੇ ਪਹੁੰਚਿਆ ਤਾਂ ਸੰਦੀਪ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਿਆ ਸੀ। ਸਿਪਾਹੀਆਂ ਨੇ ਤੁਰੰਤ ਇਸ ਬਾਰੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ।