#OTHERS

ਕਰਤਾਰਪੁਰ ਸਾਹਿਬ ਆਉਣ ਵਾਲੇ ਭਾਰਤੀ ਸਿੱਖਾਂ ਨੂੰ ਰੁਪਏ ਦੀ ਥਾਂ ਅਮਰੀਕੀ ਡਾਲਰ ਲਿਆਉਣ ਦੀ ਅਪੀਲ

ਲਾਹੌਰ, 30 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਆਉਣ ਵਾਲੇ ਭਾਰਤੀ ਸਿੱਖਾਂ ਨੂੰ ਰੁਪਏ ਦੀ ਥਾਂ ਅਮਰੀਕੀ ਡਾਲਰ ਲਿਆਉਣ ਲਈ ਕਿਹਾ ਹੈ। ਇਸ ਫੈਸਲੇ ਦਾ ਕਾਰਨ ਭਾਰਤੀ ਨਾਗਰਿਕਾਂ ਨਾਲ ਕੀਤੀ ਜਾ ਰਹੀ ਧੋਖਾਧੜੀ ਨੂੰ ਦੱਸਿਆ ਗਿਆ ਹੈ।
ਦਰਅਸਲ, ਭਾਰਤੀਆਂ ਨੂੰ ਭਾਰਤੀ ਕਰੰਸੀ ਨੋਟਾਂ ਦੇ ਬਦਲੇ ਤੈਅ ਕੀਮਤ ਤੋਂ ਘੱਟ ਮੁੱਲ ਦੇ ਪਾਕਿਸਤਾਨੀ ਕਰੰਸੀ ਨੋਟ ਦਿੱਤੇ ਜਾ ਰਹੇ ਸਨ। ਪਾਕਿਸਤਾਨ ਦੀ ਪੰਜਾਬ ਸਰਕਾਰ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਭਾਰਤੀ ਸਿੱਖਾਂ ਵੱਲੋਂ ਆਪਣੇ ਪੈਸਿਆਂ ਦੇ ਬਦਲੇ ਨਿਸ਼ਚਿਤ ਮੁੱਲ ਤੋਂ ਘੱਟ ਦੇ ਕਰੰਸੀ ਨੋਟ ਪ੍ਰਾਪਤ ਕਰਨ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਸ਼ਿਕਾਇਤਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਸਿੱਖਾਂ ਨੂੰ ਇੱਥੇ ਸਹੂਲਤਾਂ ਲਈ ਵਾਧੂ ਪੈਸੇ ਦੇਣ ਦੀ ਲੋੜ ਨਹੀਂ ਹੈ।
ਇਸ ਸਾਲ 14 ਨਵੰਬਰ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਹਜ਼ਾਰਾਂ ਸਿੱਖ ਸ਼ਰਧਾਲੂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। ਪਿਛਲੇ ਸਾਲ ਇਸ ਮੌਕੇ ਕਰੀਬ 3 ਹਜ਼ਾਰ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ।
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਦਿਨ ਇੱਥੇ ਬਿਤਾਏ ਸਨ। ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿਚ ਰਾਵੀ ਦਰਿਆ ਦੇ ਨੇੜੇ ਸਥਿਤ ਹੈ। ਇਸ ਦਾ ਇਤਿਹਾਸ 500 ਸਾਲ ਤੋਂ ਵੱਧ ਪੁਰਾਣਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦੀ ਸਥਾਪਨਾ ਸਿੱਖ ਗੁਰੂ ਨਾਨਕ ਦੇਵ ਜੀ ਨੇ 1522 ਵਿਚ ਕੀਤੀ ਸੀ। ਉਨ੍ਹਾਂ ਨੇ ਆਪਣੇ ਜੀਵਨ ਦੇ ਆਖਰੀ ਸਾਲ ਇੱਥੇ ਬਿਤਾਏ ਅਤੇ ਇੱਥੇ ਹੀ ਆਪਣਾ ਸਰੀਰ ਤਿਆਗ ਦਿੱਤਾ। ਇਸ ਲਈ ਇਹ ਸ਼ਹਿਰ ਸਿੱਖਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ।
ਕਰਤਾਰਪੁਰ ਸਿੱਖਾਂ ਲਈ ਇੱਕ ਪ੍ਰਮੁੱਖ ਧਾਰਮਿਕ ਸਥਾਨ ਹੈ ਕਰਤਾਰਪੁਰ ਲਾਂਘਾ 9 ਨਵੰਬਰ 2019 ਨੂੰ ਖੋਲ੍ਹਿਆ ਗਿਆ ਸੀ। ਇਸ ਦਾ ਉਦਘਾਟਨ ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੀਤਾ ਸੀ। ਇਹ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਨੂੰ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜਦਾ ਹੈ।
4 ਕਿਲੋਮੀਟਰ ਦਾ ਲਾਂਘਾ ਭਾਰਤੀ ਸ਼ਰਧਾਲੂਆਂ ਨੂੰ ਬਿਨਾਂ ਵੀਜ਼ੇ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਪਹਿਲਾਂ ਲੋਕਾਂ ਨੂੰ ਵੀਜ਼ਾ ਲੈ ਕੇ ਲਾਹੌਰ ਰਾਹੀਂ ਉੱਥੇ ਜਾਣਾ ਪੈਂਦਾ ਸੀ, ਜੋ ਕਿ ਲੰਬਾ ਰਸਤਾ ਸੀ। ਇਸ ਸਮੇਂ ਇੱਥੇ ਜਾਣ ਦੀ ਫੀਸ 20 ਡਾਲਰ ਹੈ, ਜੋ ਪਾਕਿਸਤਾਨ ਸਰਕਾਰ ਵੱਲੋਂ ਵਸੂਲੀ ਜਾਂਦੀ ਹੈ।
ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਅਬਦੁਲ ਬਾਸਿਤ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਪਾਕਿਸਤਾਨੀ ਟੀ.ਵੀ. ਚੈਨਲ ‘ਤੇ ਬੋਲਦਿਆਂ ਬਾਸਿਤ ਨੇ ਕਿਹਾ ਕਿ ਭਾਰਤ ਨੂੰ ਸਿੱਖਾਂ ਦੇ ਪਵਿੱਤਰ ਤੀਰਥ ਸਥਾਨ ਕਰਤਾਰਪੁਰ ਸਾਹਿਬ ਨੂੰ ਲੈ ਕੇ ਪੂਰਾ ਕਸ਼ਮੀਰ ਪਾਕਿਸਤਾਨ ਨੂੰ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ‘ਚ ਰਹਿੰਦੇ ਸਿੱਖ ਅਕਸਰ ਕਰਤਾਰਪੁਰ ਸਾਹਿਬ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਨ ਪਰ ਹੁਣ ਅਜਿਹਾ ਨਹੀਂ ਹੋ ਸਕਦਾ। ਪਰ ਜੇਕਰ ਉਹ ਕਸ਼ਮੀਰ ਦੇ ਬਦਲੇ ਸਾਡੇ ਤੋਂ ਕਰਤਾਰਪੁਰ ਸਾਹਿਬ ਮੰਗਦੇ ਹਨ, ਤਾਂ ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।