#AMERICA

ਕਮਲਾ ਹੈਰਿਸ ਜੇ ਚੋਣ ਜਿੱਤਦੀ ਹੈ, ਤਾਂ ਮੈਨੂੰ ਜੇਲ੍ਹ ‘ਚ ਸੁੱਟ ਦਿੱਤਾ ਜਾਵੇਗਾ: ਐਲੋਨ ਮਸਕ  

ਵਾਸ਼ਿੰਗਟਨ, 9 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿਚੋਂ ਇੱਕ ਐਲੋਨ ਮਸਕ ਅਮਰੀਕਾ ਵਿਚ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦਾ ਜਨਤਕ ਤੌਰ ‘ਤੇ ਸਮਰਥਨ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਕਮਲਾ ਹੈਰਿਸ ਚੋਣ ਜਿੱਤ ਜਾਂਦੀ ਹੈ, ਤਾਂ ਅਮਰੀਕਾ ਵਿਚ ਇਕ ਧਿਰ ਦਾ ਰਾਜ ਹੋਵੇਗਾ ਕਿਉਂਕਿ ਉਹ ਅਗਲੇ ਚਾਰ ਸਾਲਾਂ ਵਿਚ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਦੇ ਕੇ ਆਪਣੇ ਵੋਟਰਾਂ ਦੀ ਗਿਣਤੀ ਵਧਾਏਗੀ। ਟੇਸਲਾ ਦੇ ਸੀ.ਈ.ਓ. ਅਤੇ ਅਰਬਪਤੀ ਐਲੋਨ ਮਸਕ ਦਾ ਕਹਿਣਾ ਹੈ ਕਿ ਜੇਕਰ ਟਰੰਪ ਹਾਰਦੇ ਹਨ, ਤਾਂ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਾਵੇਗਾ। ਨਾਲ ਹੀ ਐਲੋਨ ਮਸਕ ਨੇ ਟਰੰਪ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਲੋਕਤੰਤਰ ਦਾ ਵਿਰੋਧੀ ਵੀ ਦੱਸਿਆ ਹੈ। ਐਲੋਨ ਮਸਕ ਨੇ ਹਾਲ ਹੀ ‘ਚ ਇਕ ਲੰਬਾ ਇੰਟਰਵਿਊ ਦਿੱਤਾ ਸੀ ਅਤੇ ਇਸ ‘ਚ ਉਨ੍ਹਾਂ ਨੇ ਕਈ ਮੁੱਦਿਆਂ ‘ਤੇ ਗੱਲ ਵੀ ਕੀਤੀ ਸੀ। ”ਜੇ ਡੋਨਾਲਡ ਟਰੰਪ ਹਾਰ ਜਾਂਦੇ ਹਨ, ਤਾਂ ਮੈਂ ਮਰ ਜਾਵਾਂਗਾ,” ਮਸਕ ਨੇ ਇਹ ਟਿੱਪਣੀਆਂ ਇੰਟਰਵਿਊ ਵਿਚ ਟਕਰ ਕਾਰਲਸਨ ਦੇ ਨਾਲ ਕੀਤੀਆਂ। ਮਸਕ ਨੇ ਕਿਹਾ ਕਿ ਉਸਨੂੰ ਲੰਬੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਅਤੇ ਉਹ ਨਹੀਂ ਜਾਣਦਾ ਕਿ ਉਹ ਆਪਣੇ ਬੱਚਿਆਂ ਨੂੰ ਦੇਖ ਸਕੇਗਾ ਜਾਂ ਨਹੀਂ। ਐਲੋਨ ਮਸਕ ਨੇ ਪੈਨਸਿਲਵੇਨੀਆ ਦੇ ਬਟਲਰ ਵਿਚ ਇੱਕ ਰੈਲੀ ਵਿਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦਾ ਸਮਰਥਨ ਕੀਤਾ ਅਤੇ ਉਸਨੇ ਇੰਟਰਵਿਊ ਦੌਰਾਨ ਡੋਨਾਲਡ ਟਰੰਪ ਦਾ ਜਨਤਕ ਤੌਰ ‘ਤੇ ਸਮਰਥਨ ਵੀ ਕੀਤਾ ਅਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਟਰੰਪ ਦੁਬਾਰਾ ਅਮਰੀਕੀ ਰਾਸ਼ਟਰਪਤੀ ਬਣੇ। ਮਸਕ ਦਾ ਕਹਿਣਾ ਹੈ ਕਿ ਹੈਰਿਸ-ਬਾਇਡਨ ਪ੍ਰਸ਼ਾਸਨ ਲੱਖਾਂ ਪ੍ਰਵਾਸੀਆਂ ਨੂੰ ਆਯਾਤ ਕਰ ਰਿਹਾ ਹੈ। ਇਹ ਸਾਰੇ ਪ੍ਰਵਾਸੀਆਂ ਨੂੰ ਅੰਤ ਵਿਚ ਨਾਗਰਿਕਤਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਸਥਾਈ ਭਵਿੱਖ ਦੇ ਵੋਟਰ ਬਣ ਜਾਣਗੇ। ਇਸ ਲਈ ਮਸਕ ਮੁਤਾਬਕ ਜੇਕਰ ਡੋਨਾਲਡ ਟਰੰਪ ਇਹ ਚੋਣ ਨਹੀਂ ਜਿੱਤਦੇ ਤਾਂ ਇਹ ਅਮਰੀਕਾ ਦੀ ਆਖਰੀ ਚੋਣ ਹੋਵੇਗੀ। ਜੇਕਰ ਡੈਮੋਕਰੇਟਿਕ ਪਾਰਟੀ ਦੁਬਾਰਾ ਕਮਲਾ ਹੈਰਿਸ ਜਿੱਤ ਜਾਂਦੀ ਹੈ, ਤਾਂ ਉਸਦਾ ਪ੍ਰਸ਼ਾਸਨ ਅਗਲੇ ਚਾਰ ਸਾਲਾਂ ਵਿਚ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਦੇ ਦੇਵੇਗਾ, ਅਤੇ ਇਸ ਤਰ੍ਹਾਂ ਅਗਲੀਆਂ ਚੋਣਾਂ ਵਿਚ ਕੋਈ ਸਵਿੰਗ ਰਾਜ ਨਹੀਂ ਹੋਵੇਗਾ। ਇਹ ਅਮਰੀਕਾ ਨੂੰ ਸਿੰਗਲ-ਪਾਰਟੀ ਰਾਜ ਬਣਾ ਦੇਣਗੇ। ਆਪਣੇ ਵਿਚਾਰ ਦੇ ਸਮਰਥਨ ਵਿਚ, ਐਲੋਨ ਮਸਕ ਨੇ 1986 ਦੇ ਇਮੀਗ੍ਰੇਸ਼ਨ ਸੁਧਾਰ ਅਤੇ ਨਿਯੰਤਰਣ ਐਕਟ ਦਾ ਹਵਾਲਾ ਦਿੱਤਾ, ਜੋ ਦੇਸ਼ ਵਿਚ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਮੁਆਫੀ ਦੀ ਗਰੰਟੀ ਦਿੱਤੀ ਗਈ ਸੀ। ਉਸ ਨੇ ਅੱਗੇ ਕਿਹਾ ਕਿ ਬਾਅਦ ਵਿਚ ਕੈਲੀਫੋਰਨੀਆ ਇੱਕ ਮਜ਼ਬੂਤ ਲੋਕਤੰਤਰੀ ਰਾਜ ਬਣ ਜਾਵੇਗਾ। ਕੈਲੀਫੋਰਨੀਆ ਨੂੰ ਸਵਿੰਗ ਸਟੇਟ ਬਣਨ ਤੋਂ ਰੋਕਣ ਲਈ ਹੋਰ ਨਵੇਂ ਨਾਗਰਿਕਾਂ ਦੀ ਲੋੜ ਹੈ। ਅਮਰੀਕਾ ਨੂੰ ਇੱਕ ਲੋਕਤੰਤਰੀ ਦੇਸ਼ ਰਹਿਣਾ ਚਾਹੀਦਾ ਹੈ, ਇੱਕ ਪਾਰਟੀ ਰਾਜ ਨਹੀਂ। ਜਿਹੜੇ ਲੋਕ ਟਰੰਪ ਨੂੰ ਲੋਕਤੰਤਰ ਲਈ ਖ਼ਤਰਾ ਕਹਿ ਰਹੇ ਹਨ, ਉਹ ਖ਼ੁਦ ਲੋਕਤੰਤਰ ਲਈ ਖ਼ਤਰਾ ਹਨ। ਇੱਕ-ਪਾਰਟੀ ਦਾ ਰਾਜ ਲੋਕਤੰਤਰ ਨਹੀਂ ਹੈ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਆਪਣੀ ਚੋਣ ਮੁਹਿੰਮ ਦੌਰਾਨ ਸਪੱਸ਼ਟ ਕਰ ਚੁੱਕੇ ਹਨ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਐਲੋਨ ਮਸਕ ਨੂੰ ਆਪਣੀ ਸਰਕਾਰ ‘ਚ ਮੰਤਰੀ ਜਾਂ ਅਹਿਮ ਸਲਾਹਕਾਰ ਦੀ ਭੂਮਿਕਾ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਤੈਅ ਕਰਨ ‘ਚ ਮਸਕ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਟਰੰਪ  ਦੀ ਪੇਸ਼ਕਸ਼ ਨੂੰ ਸਵੀਕਾਰ ਕਰਦੇ ਹੋਏ ਐਲੋਨ ਮਸਕ ਨੇ ਵੀ ਸੋਸ਼ਲ ਮੀਡੀਆ ਐਕਸ ‘ਤੇ ਲਿਖਿਆ ਕਿ ਉਹ ਅਹੁਦੇ ‘ਤੇ ਕੰਮ ਕਰਨ ਲਈ ਤਿਆਰ ਹਨ। ਜੇਕਰ ਉਹ ਸਰਕਾਰ ਦੀ ਨੀਤੀ ਬਣਾਉਣ ਦੀ ਪ੍ਰਕਿਰਿਆ ਵਿਚ ਸ਼ਾਮਲ ਹੋ ਜਾਂਦਾ ਹੈ, ਤਾਂ ਕੁਦਰਤੀ ਤੌਰ ‘ਤੇ ਉਸ ਲਈ ਅਮਰੀਕਾ ਸਮੇਤ ਦੁਨੀਆਂ ਭਰ ‘ਚ ਆਪਣਾ ਕਾਰੋਬਾਰ ਵਧਾਉਣਾ ਬਹੁਤ ਹੀ ਆਸਾਨ ਹੋ ਜਾਵੇਗਾ।