ਨਿਊਯਾਰਕ, 19 ਨਵੰਬਰ (ਪੰਜਾਬ ਮੇਲ)- ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਬਫਲੋ ਦੇ ਨਜ਼ਦੀਕ ਪੀਸ ਬ੍ਰਿਜ ਬਾਰਡਰ ਕਰਾਸਿੰਗ ‘ਤੇ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਭਾਰਤ ਵਿਚ ਕਤਲੋਗਾਰਤ ਲਈ ਲੋੜੀਂਦਾ ਸੀ।
ਸੀ.ਬੀ.ਪੀ. ਅਧਿਕਾਰੀਆਂ ਨੇ 22 ਸਾਲਾ ਭਾਰਤੀ ਨਾਗਰਿਕ ਵਿਸਤ ਕੁਮਾਰ ਨੂੰ ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਮੌਕੇ ਗ੍ਰਿਫ਼ਤਾਰ ਕੀਤਾ। ਵਿਸਤ ਕੁਮਾਰ 2024 ‘ਚ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਦਾਖਲ ਹੋਇਆ ਸੀ ਅਤੇ ਇਥੇ ਉਸ ਨੇ ਅਸਾਇਲਮ ਲਈ ਅਪਲਾਈ ਕੀਤਾ ਸੀ। ਪਰ ਉਹ ਇੰਟਰਵਿਊ ‘ਚ ਹਾਜ਼ਰ ਨਹੀਂ ਹੋਇਆ। ਉਸ ਨੇ ਸੈਕੰਡਰੀ ਨਿਰੀਖਣ ਦੌਰਾਨ ਆਪਣੀ ਪਛਾਣ ਛੁਪਾਉਣ ਦੀ ਕੋਸ਼ਿਸ਼ ਕੀਤੀ। ਬਾਇਓਮੈਟ੍ਰਿਕ ਤਕਨਾਲੋਜੀ ਨੇ ਉਸਦੀ ਅਸਲ ਪਛਾਣ ਦੀ ਪੁਸ਼ਟੀ ਕੀਤੀ, ਜਿਸ ਤੋਂ ਪਤਾ ਚੱਲਿਆ ਕਿ ਉਸਨੇ ਇੱਕ ਗਲਤ ਨਾਮ ਅਤੇ ਜਨਮ ਮਿਤੀ ਦੀ ਵਰਤੋਂ ਕੀਤੀ ਸੀ। ਹੋਰ ਜਾਂਚ ਤੋਂ ਪਤਾ ਲੱਗਿਆ ਕਿ ਕੁਮਾਰ ਭਾਰਤ ਵਿਚ ਕਤਲ ਲਈ ਲੋੜੀਂਦਾ ਸੀ, ਜਿਵੇਂ ਕਿ ਇੰਟਰਪੋਲ ਰੈੱਡ ਨੋਟਿਸ ਦੁਆਰਾ ਦਰਸਾਇਆ ਗਿਆ ਹੈ।
ਕਾਰਜਕਾਰੀ ਏਰੀਆ ਪੋਰਟ ਡਾਇਰੈਕਟਰ ਸ਼ੈਰਨ ਸਵੈਟੇਕ ਨੇ ਕਿਹਾ ਕਿ ਵਿਸਤ ਕੁਮਾਰ ਨੂੰ ਇੰਟਰਪੋਲ ਰਾਹੀਂ ਜਲਦ ਭਾਰਤ ਵਾਪਸ ਭੇਜਿਆ ਜਾਵੇਗਾ। ਪਰ ਉਸ ਤੋਂ ਪਹਿਲਾਂ ਉਸ ਦੇ ਗੰਭੀਰ ਅਪਰਾਧਾਂ ਨੂੰ ਦੇਖਦੇ ਹੋਏ ਉਸ ‘ਤੇ ਇਥੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਮਿਸ਼ਨ ‘ਤੇ ਅਮਰੀਕੀ ਅਧਿਕਾਰੀਆਂ ਦੀ ਚੌਕਸੀ ਦੀ ਸ਼ਲਾਘਾ ਕੀਤੀ। ਕੁਮਾਰ ਇਸ ਸਮੇਂ ਨਿਊਯਾਰਕ ਦੀ ਬਟਾਵੀਆ ਦੀ ਫੈਡਰਲ ਨਜ਼ਰਬੰਦੀ ‘ਚ ਬੰਦ ਹੈ।
ਕਤਲ ਦੇ ਦੋਸ਼ ‘ਚ ਲੋੜੀਂਦਾ ਭਾਰਤੀ ਨਾਗਰਿਕ ਅਮਰੀਕਾ ‘ਚ ਗ੍ਰਿਫ਼ਤਾਰ

