#AMERICA

ਓਹਾਈਓ ਦੇ ਗਵਰਨਰ ਦੀ ਚੋਣ ਲੜ ਸਕਦੇ ਨੇ ਵਿਵੇਕ ਰਾਮਾਸਵਾਮੀ

-ਰਿਪਬਲਿਕਨ ਪਾਰਟੀ ਦੀ ਮੁੱਢਲੀ ਚੋਣ ‘ਚ ਲੈਣਗੇ ਹਿੱਸਾ
ਕੋਲੰਬਸ (ਅਮਰੀਕਾ), 25 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿਚ ਭਾਰਤੀ ਮੂਲ ਦੇ ਉੱਦਮੀ ਵਿਵੇਕ ਰਾਮਾਸਵਾਮੀ ਵੱਲੋਂ ਓਹਾਈਓ ਦੇ ਗਵਰਨਰ ਦੇ ਅਹੁਦੇ ਲਈ ਆਪਣੀ ਨਾਮਜ਼ਦਗੀ ਦਾਖ਼ਲ ਕਰਨ ਦੀ ਉਮੀਦ ਹੈ। ਸਿਨਸਿਨਾਟੀ ਵਿਚ ਜਨਮੇ ਬਾਇਓਟੈੱਕ ਉੱਦਮੀ ਰਾਮਾਸਵਾਮੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਦੇ ਪਹਿਲੇ ਦਿਨ ਸਰਕਾਰੀ ਲਾਗਤ ਕਟੌਤੀ ਵਿਭਾਗ ਤੋਂ ਲਾਂਭੇ ਹੋ ਗਏ ਸਨ। ਰਾਮਾਸਵਾਮੀ (39) ਸਿਨਸਿਨਾਟੀ ਵਿਚ ਆਪਣੀ ਮੁਹਿੰਮ ਸ਼ੁਰੂ ਕਰਨ ਲਈ ਤਿਆਰ ਹਨ। ਉਹ ਰਿਪਬਲਿਕਨ ਪਾਰਟੀ ਦੀ ਮੁੱਢਲੀ ਚੋਣ ਵਿਚ ਹਿੱਸਾ ਲੈਣਗੇ। ਰਾਮਾਸਵਾਮੀ 2024 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰੀ ਦੀ ਦੌੜ ਵਿਚ ਸ਼ਾਮਲ ਸਨ। ਹਾਲਾਂਕਿ, ਬਾਅਦ ਵਿਚ ਉਨ੍ਹਾਂ ਨੇ ਟਰੰਪ ਦਾ ਸਮਰਥਨ ਕੀਤਾ।
ਰਾਮਾਸਵਾਮੀ ਰਿਪਬਲਿਕਨ ਪਾਰਟੀ ਦੇ ਗਵਰਨਰ ਤੇ ਤਜਰਬੇਕਾਰ ਸੱਜੇਪੱਖੀ ਮਾਈਕ ਡੇਵਿਨ (78) ਦੀ ਥਾਂ ਲੈਣ ਲਈ ਰਿਪਬਲਿਕਨ ਪਾਰਟੀ ਦੀ ਮੁੱਢਲੀ ਚੋਣ ਲੜ ਰਹੇ ਹਨ। ਓਹਾਈਓ ਦੇ ਅਟਾਰਨੀ ਜਨਰਲ ਡੇਵ ਯੋਸਟ ਨੇ ਜਨਵਰੀ ਵਿਚ ਇਸ ਸੀਟ ਲਈ ਚੋਣ ਲੜਨ ਦਾ ਐਲਾਨ ਕੀਤਾ ਸੀ ਅਤੇ ਸਿਆਹਫਾਮ ਉਦਯੋਗਪਤੀ ਹੀਥਰ ਹਿੱਲ ਵੀ ਇਸ ਦੌੜ ਵਿਚ ਸ਼ਾਮਲ ਹਨ। ਸਾਬਕਾ ਸੂਬਾਈ ਸਿਹਤ ਡਾਇਰੈਕਟਰ ਡਾ. ਐਮੀ ਐਕਟਨ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।