#AMERICA

ਓਕਲਾਹੋਮਾ ਗਵਰਨਰ ਨੇ ਆਖਰੀ ਪਲਾਂ ਵਿਚ ਮੌਤ ਦੀ ਸਜ਼ਾ ਉਮਰ ਕੈਦ ਵਿਚ ਬਦਲੀ

ਸੈਕਰਾਮੈਂਟੋ, 17 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਓਕਲਾਹੋਮਾ ਦੇ ਗਵਰਨਰ ਕੈਵਿਨ ਸਟਿਟ ਨੇ ਵੀਰਵਾਰ ਨੂੰ ਇੱਕ ਕੈਦੀ ਨੂੰ ਜ਼ਹਿਰ ਦਾ ਟੀਕਾ ਲਾਉਣ ਤੋਂ ਕੁਝ ਹੀ ਪਲ ਪਹਿਲਾਂ ਇੱਕ ਆਦੇਸ਼ ਜਾਰੀ ਕਰਕੇ ਉਸ ਦੀ ਮੌਤ ਦੀ ਸਜ਼ਾ ਨੂੰ ਬਿਨਾਂ ਪੈਰੋਲ ਉਮਰ ਭਰ ਲਈ ਜੇਲ੍ਹ ਵਿਚ ਬਦਲ ਦਿੱਤਾ। 2002 ਵਿਚ ਲੁੱਟ-ਖੋਹ ਦੌਰਾਨ ਚਾਕੂ ਮਾਰ ਕੇ ਇੱਕ ਵਿਅਕਤੀ ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਪ੍ਰਾਪਤ 46 ਸਾਲਾ ਟਰੈਮੇਨ ਵੁੱਡ ਉਪਰ ਦਯਾ ਕਰਦਿਆਂ ਗਵਰਨਰ ਨੇ ਕਿਹਾ ਕਿ ‘ਤੱਥਾਂ ਉਪਰ ਮੁੜ ਵਿਚਾਰ ਕਰਦਿਆਂ ਮੈਂ ਮੁਆਫ ਕਰ ਦੇਣ ਤੇ ਪੈਰੋਲ ਬੋਰਡ ਦੀ ਟਰੈਮੇਨ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੀ ਸਿਫਾਰਿਸ਼ ਨੂੰ ਪ੍ਰਵਾਨ ਕਰਨ ਦਾ ਰਾਹ ਚੁਣਿਆ ਹੈ। ਰਿਪਬਲੀਕਨ ਗਵਰਨਰ ਸਟਿਟ ਦੁਆਰਾ ਆਪਣੇ 7 ਸਾਲਾਂ ਦੇ ਕਾਰਜਕਾਲ ਦੌਰਾਨ ਇਹ ਦੂਸਰੀ ਵਾਰ ਹੈ ਕਿ ਉਨ੍ਹਾਂ ਨੇ ਕਿਸੇ ਦੋਸ਼ੀ ਨੂੰ ਮੁਆਫ ਕੀਤਾ ਹੈ।