-ਮੁਲਜ਼ਮਾਂ ਨੇ ਪੈਸੇ ਨਾ ਦੇਣ ‘ਤੇ ਗੰਭੀਰ ਨਤੀਜੇ ਭੁਗਤਣ ਦੀ ਦਿੱਤੀ ਸੀ ਧਮਕੀ
ਜਲੰਧਰ, 30 ਮਾਰਚ (ਪੰਜਾਬ ਮੇਲ)-ਜਲੰਧਰ ਦਿਹਾਤੀ ਪੁਲਿਸ ਨੇ ਗੋਲਡੀ ਬਰਾੜ ਦੇ ਨਾਮ ‘ਤੇ ਇੱਕ ਐੱਨ.ਆਰ.ਆਈ. ਬਜ਼ੁਰਗ ਜੋੜੇ ਤੋਂ ਦੋ ਕਰੋੜ ਰੁਪਏ ਦੀ ਫਿਰੋਤੀ ਮੰਗਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਪੁਲਿਸ ਵੱਲੋਂ ਇਸ ਮਾਮਲੇ ਵਿਚ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ। ਟੀਮ ਵੱਲੋਂ ਆਧੁਨਿਕ, ਮਨੁੱਖੀ ਅਤੇ ਤਕਨੀਕੀ ਢੰਗਾਂ ਦੀ ਵਰਤੋਂ ਕਰਦੇ ਹੋਏ 2 ਮੁਲਜ਼ਮਾਂ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਹਿਚਾਣ ਤੀਰਥ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਹਾਦਰਪੁਰ, ਥਾਣਾ ਬਿਲਗਾ ਅਤੇ ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਅਮਰਜੀਤ ਸਿੰਘ ਵਾਸੀ ਧਰਮਕੋਟ, ਥਾਣਾ ਸਦਰ ਨਵਾਂ ਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਕਪਤਾਨ (ਤਫਤੀਸ਼) ਵਿਨੀਤ ਅਹਲਾਵਤ ਨੇ ਦੱਸਿਆ ਕਿ ਬਲਜਿੰਦਰ ਕੌਰ ਪਤਨੀ ਪਵਿੱਤਰ ਸਿੰਘ ਵਾਸੀ ਪਿੰਡ ਸ਼ੰਕਰ, ਥਾਣਾ ਸਦਰ ਨਕੋਦਰ ਨੇ ਦਰਖ਼ਾਸਤ ਦਿੱਤੀ ਸੀ ਕਿ ਉਸ ਦੇ ਪਤੀ ਨੂੰ ਇੱਕ ਅਣਪਛਾਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ, ਜਿਸ ਵਿਚ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਗਰੁੱਪ ਨਾਲ ਸੰਬੰਧਿਤ ਦੱਸਦਿਆਂ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ 10 ਦਿਨਾਂ ਵਿਚ ਪੈਸੇ ਤਿਆਰ ਰੱਖਣ ਲਈ ਕਿਹਾ, ਨਹੀਂ ਤਾਂ ਗੰਭੀਰ ਨਤੀਜਿਆਂ ਦੀ ਧਮਕੀ ਦਿੱਤੀ।
ਇਸ ਤੋਂ ਬਾਅਦ ਵਿਦੇਸ਼ ਵਿਚ ਰਹਿੰਦੇ ਉਸ ਦੇ ਪੁੱਤਰ ਰਣਜੀਤ ਸਿੰਘ ਨੂੰ ਵੀ ਕਾਲ ਅਤੇ ਵਟਸਐਪ ਮੈਸੇਜ ਪ੍ਰਾਪਤ ਹੋਇਆ, ਜਿਸ ਵਿਚ ਇੱਕ ਦਿਨ ‘ਚ 1.5 ਕਰੋੜ ਰੁਪਏ ਦੀ ਮੰਗ ਕੀਤੀ ਗਈ ਅਤੇ ਧਮਕੀ ਦਿੱਤੀ ਗਈ ਕਿ ਪਿੰਡ ਸ਼ੰਕਰ ਵਿਚ ਉਸ ਦੇ ਘਰ ‘ਤੇ ਗੋਲੀਆਂ ਚਲਾਈਆਂ ਜਾਣਗੀਆਂ। ਦੋਸ਼ੀਆਂ ਵੱਲੋਂ ਉਸ ਦੀ ਜਾਇਦਾਦ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਵਿਚ ਇੱਕ ਫਾਰਚੂਨਰ ਗੱਡੀ ਅਤੇ ਵੱਡੀ ਕੋਠੀ ਦਾ ਜ਼ਿਕਰ ਸੀ।
ਪੁਲਿਸ ਕਪਤਾਨ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼ਿਕਾਇਤਕਰਤਾ ਦਾ ਪੁੱਤਰ ਰਣਜੀਤ ਸਿੰਘ ਵਿਦੇਸ਼ ਵਿਚ ਰਹਿੰਦਾ ਹੈ, ਜਦਕਿ ਉਸ ਦੇ ਬਜ਼ੁਰਗ ਮਾਤਾ-ਪਿਤਾ ਪਿੰਡ ਸ਼ੰਕਰ ਵਿਚ ਰਹਿੰਦੇ ਹਨ। ਮੁਲਜ਼ਮ ਤੀਰਥ ਸਿੰਘ, ਜੋ ਕਿ ਸਹੁਰੇ ਪਰਿਵਾਰ ਵੱਲੋਂ ਰਿਸ਼ਤੇਦਾਰ ਹੈ ਅਤੇ ਕੈਨੇਡਾ ਦਾ ਵਸਨੀਕ ਹੈ, ਫਰਵਰੀ ਮਹੀਨੇ ਵਿਚ ਆਪਣੇ ਪਰਿਵਾਰ ਸਮੇਤ ਭਾਰਤ ਆਇਆ ਸੀ। ਉਸ ਨੇ ਜਸ਼ਨਦੀਪ ਸਿੰਘ ਉਰਫ ਜਸ਼ਨ, ਜੋ ਕਿ ਪਿੰਡ ਧਰਮਕੋਟ ਦਾ ਟੈਕਸੀ ਡਰਾਈਵਰ ਹੈ, ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ। ਤੀਰਥ ਸਿੰਘ ਵੱਲੋਂ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਅਤੇ ਜਾਇਦਾਦ ਬਾਰੇ ਅੰਦਰੂਨੀ ਜਾਣਕਾਰੀ ਦਿੱਤੀ ਗਈ।
ਦੋਵਾਂ ਨੇ ਧਮਕੀਆਂ ਦੇ ਕੇ ਪੈਸੇ ਵਸੂਲ ਕਰਨ ਦੀ ਯੋਜਨਾ ਬਣਾਈ। ਯੋਜਨਾ ਅਨੁਸਾਰ ਜਸ਼ਨਦੀਪ ਸਿੰਘ ਨੂੰ 25 ਲੱਖ ਰੁਪਏ ਅਤੇ ਤੀਰਥ ਸਿੰਘ ਨੂੰ 1.25 ਕਰੋੜ ਰੁਪਏ ਮਿਲਣੇ ਸਨ। ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਐੱਨ.ਆਰ.ਆਈ. ਬਜ਼ੁਰਗ ਜੋੜੇ ਕੋਲੋਂ ਗੋਲਡੀ ਬਰਾੜ ਦੇ ਨਾਮ ‘ਤੇ ਫਿਰੌਤੀ ਮੰਗਣ ਵਾਲੇ ਕਾਬੂ

