ਦਸੂਹਾ, 3 ਫਰਵਰੀ (ਪੰਜਾਬ ਮੇਲ)- ਇੱਥੋਂ ਨੇੜਲੇ ਪਿੰਡ ਪੱਸੀ ਬੇਟ ਵਿਚ ਇੱਕ ਐੱਨ.ਆਰ.ਆਈ. ਭਾਰਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ (68) ਵਾਸੀ ਬਾਕਰਪੁਰ, ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬਲਵਿੰਦਰ ਕਰੀਬ 10 ਦਿਨਾਂ ਤੋਂ ਲਾਪਤਾ ਸੀ। ਦਸੂਹਾ ਪੁਲਿਸ ਨੇ ਉਸ ਦੀ ਲਾਸ਼ ਪੱਸੀ ਬੇਟ ਦੇ ਜੰਗਲ ‘ਚੋਂ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਮੁਲਜ਼ਮਾਂ ਰਮੇਸ਼ ਕੁਮਾਰ ਤੇ ਨਰਿੰਦਰਪਾਲ ਵਾਸੀਅਨ ਪਿੰਡ ਪੱਸੀ ਬੇਟ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਸੁਰਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਕੈਨੇਡਾ ਰਹਿੰਦੇ ਆਪਣੇ ਪੁੱਤਰ ਕੋਲ ਗਈ ਹੋਈ ਸੀ। ਉਸ ਦਾ ਪਤੀ ਬਲਵਿੰਦਰ ਸਿੰਘ ਸਪੇਨ ਦਾ ਨਾਗਰਿਕ ਹੈ। ਉਹ 20 ਜਨਵਰੀ ਨੂੰ ਆਪਣੇ ਪਿੰਡ ਬਾਕਰਪੁਰ ਆ ਗਿਆ ਸੀ ਤੇ 21 ਜਨਵਰੀ ਨੂੰ ਉਹ ਪਿੰਡ ਪੱਸੀ ਬੇਟ ਵਿਚ ਜ਼ਮੀਨ ਖ਼ਰੀਦਣ ਲਈ ਰਮੇਸ਼ ਕੁਮਾਰ ਤੇ ਨਰਿੰਦਰ ਪਾਲ ਨਿੰਦੀ ਨੂੰ ਮਿਲਿਆ ਸੀ। ਬਲਵਿੰਦਰ ਸਿੰਘ ਨੇ ਉਨ੍ਹਾਂ ਦੇ ਖਾਤੇ ਵਿਚ 2.80 ਲੱਖ ਰੁਪਏ ਜਮ੍ਹਾਂ ਕਰਵਾਏ ਸਨ ਤੇ ਕੁਝ ਸਮੇਂ ਬਾਅਦ ਉਸ ਦੇ ਪਤੀ ਦਾ ਫੋਨ ਬੰਦ ਹੋ ਗਿਆ। ਉਹ ਜਦੋਂ ਘਰ ਨਾ ਪੁੱਜਿਆ ਤਾਂ ਉਸ ਦੇ ਭਤੀਜੇ ਅਮਰਜੀਤ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਾਫ਼ੀ ਭਾਲ ਕੀਤੀ ਪਰ ਪੰਜ ਦਿਨਾਂ ਤੱਕ ਕੋਈ ਸੁਰਾਗ ਨਾ ਲੱਗਿਆ। ਇਸ ਮਗਰੋਂ ਥਾਣਾ ਭੁਲੱਥ ਵਿਚ ਸ਼ਿਕਾਇਤ ਕੀਤੀ ਗਈ। ਸ਼ਿਕਾਇਤਕਰਤਾ ਨੇ ਕਿਹਾ ਕਿ ਇਸ ਕਾਰਨ ਉਹ ਆਪਣੇ ਪੁੱਤਰ ਸਣੇ ਕੈਨੇਡਾ ਤੋਂ ਪਿੰਡ ਬਾਕਰਪੁਰ ਆ ਗਈ। ਸੁਰਿੰਦਰ ਕੌਰ ਨੇ ਰਮੇਸ਼ ਤੇ ਨਰਿੰਦਰਪਾਲ ‘ਤੇ ਆਪਣੇ ਪਤੀ ਦੇ ਕਤਲ ਦਾ ਦੋਸ਼ ਲਾਇਆ ਹੈ।