#AMERICA

ਐੱਚ-1ਬੀ ਵੀਜ਼ਾ ਸੁਧਾਰਾਂ ਬਾਰੇ ਟਰੰਪ ਪ੍ਰਸ਼ਾਸਨ ਦੇ ਰੁਖ ‘ਚ ਨਰਮਾਈ

ਕਿਹਾ : ਅਮਰੀਕਾ ਨੂੰ ਵਿਸ਼ੇਸ਼ ਵਿਦੇਸ਼ੀ ਮੁਹਾਰਤ ਦੀ ਲੋੜ
ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐੱਚ-1ਬੀ ਵੀਜ਼ਾ ਸੁਧਾਰਾਂ ਬਾਰੇ ਪ੍ਰਸ਼ਾਸਨ ਦੇ ਹਮਲਾਵਰ ਰਵੱਈਏ ਨੂੰ ਲੈ ਕੇ ਆਪਣੇ ਰੁਖ਼ ਵਿਚ ਕੁਝ ਨਰਮਾਈ ਲਿਆਉਂਦਿਆਂ ਕਿਹਾ ਕਿ ਉਹ ਅਮਰੀਕਾ ਵਿਚ ਅਹਿਮ ਭੂਮਿਕਾਵਾਂ ਲਈ ਵਿਸ਼ੇਸ਼ ਵਿਦੇਸ਼ੀ ਪ੍ਰਤਿਭਾ ਦੀ ਦਰਾਮਦ ਦੀ ਲੋੜ ਨੂੰ ਬਾਖੂਬੀ ਸਮਝਦੇ ਤੇ ਸਵੀਕਾਰ ਕਰਦੇ ਹਨ। ਟਰੰਪ ਨੇ ਮੰਨਿਆ ਕਿ ਅਮਰੀਕਾ ਨੂੰ ਵਿਸ਼ੇਸ਼ ਵਿਦੇਸ਼ੀ ਮੁਹਾਰਤ ਦੀ ਲੋੜ ਹੈ।
ਟਰੰਪ ਨੇ ਲੌਰਾ ਇੰਗ੍ਰਾਹਮ ਨਾਲ ਇੱਕ ਇੰਟਰਵਿਊ ਦੌਰਾਨ ਹੁਨਰਮੰਦ ਪ੍ਰਵਾਸੀ ਕਾਮਿਆਂ ਦਾ ਬਚਾਅ ਕਰਦੇ ਹੋਏ ਦਲੀਲ ਦਿੱਤੀ ਕਿ ਅਮਰੀਕਾ ਲੰਬੇ ਸਮੇਂ ਦੇ ਬੇਰੁਜ਼ਗਾਰ ਅਮਰੀਕੀਆਂ ਨੂੰ ਵਿਆਪਕ ਸਿਖਲਾਈ ਤੋਂ ਬਿਨਾਂ ਨਿਰਮਾਣ ਅਤੇ ਰੱਖਿਆ ਵਿਚ ਗੁੰਝਲਦਾਰ ਭੂਮਿਕਾਵਾਂ ਲਈ ਦੁਬਾਰਾ ਨਹੀਂ ਵਰਤ ਸਕਦਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਅਮਰੀਕੀ ਕਾਮਿਆਂ ਲਈ ਉਜਰਤਾਂ ਵਧਾਉਣ ਦਾ ਸਮਰਥਨ ਕਰਦੇ ਹਨ, ਪਰ ਅਮਰੀਕਾ ਨੂੰ ਅਜੇ ਵੀ ਆਪਣੀ ਉਦਯੋਗਿਕ ਅਤੇ ਤਕਨੀਕੀ ਬੜਤ ਬਣਾਈ ਰੱਖਣ ਲਈ ‘ਇਸ (ਹੁਨਰਮੰਦ ਵਿਦੇਸ਼ੀ ਕਾਮਿਆਂ) ਪ੍ਰਤਿਭਾ ਨੂੰ ਲਿਆਉਣ’ ਦੀ ਲੋੜ ਹੈ। ਐੱਚ-1ਬੀ ਵੀਜ਼ਾ ਸੁਧਾਰਾਂ ਬਾਰੇ ਟਰੰਪ ਪ੍ਰਸ਼ਾਸਨ ਦੀਆਂ ਤਰਜੀਹਾਂ ਬਾਰੇ ਸਵਾਲ ਦੇ ਜਵਾਬ ਵਿਚ ਰਾਸ਼ਟਰਪਤੀ ਨੇ ਕਿਹਾ, ”ਮੈਂ ਸਹਿਮਤ ਹਾਂ, ਪਰ ਤੁਹਾਨੂੰ ਇਹ ਪ੍ਰਤਿਭਾ ਵੀ ਲਿਆਉਣੀ ਪਵੇਗੀ।”