ਵਾਸ਼ਿੰਗਟਨ, 30 ਜਨਵਰੀ (ਪੰਜਾਬ ਮੇਲ)- ਟੇਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਅਰਬਪਤੀ ਕਾਰੋਬਾਰੀ ਅਤੇ ਸੰਯੁਕਤ ਰਾਜ ਵਿਦੇਸ਼ ਵਿਭਾਗ (DOGE) ਦੇ ਮੁਖੀ ਐਲੋਨ ਮਸਕ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਯੂਰਪੀਅਨ ਸੰਸਦ ਦੇ ਸਲੋਵੇਨੀਅਨ ਮੈਂਬਰ ਬ੍ਰੈਂਕੋ ਗ੍ਰਾਈਮਸ ਨੇ ਪੁਸ਼ਟੀ ਕੀਤੀ ਹੈ ਕਿ 2025 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਐਲੋਨ ਮਸਕ ਦੀ ਨਾਮਜ਼ਦਗੀ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨਾਰਵੇਈ ਨੋਬਲ ਕਮੇਟੀ ਨੂੰ ਸੌਂਪ ਦਿੱਤੀ ਗਈ ਹੈ।
ਗ੍ਰਾਈਮਸ ਨੇ ਆਪਣੀ ਫੇਸਬੁੱਕ ਪੋਸਟ ਵਿਚ ਕਿਹਾ ਕਿ ਇਹ ਨਾਮਜ਼ਦਗੀ ਪ੍ਰਗਟਾਵੇ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਵਿਚ ਉਨ੍ਹਾਂ ਦੇ ਯੋਗਦਾਨ ਲਈ ਦਿੱਤੀ ਗਈ ਹੈ। ਮਸਕ ਇਲੈਕਟ੍ਰਿਕ ਵਾਹਨ ਦਿੱਗਜ ਟੇਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਹਨ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਮਾਲਕ ਵੀ ਹਨ। DOGE ਦੇ ਮੁਖੀ ਵਜੋਂ ਆਪਣੀ ਨਿਯੁਕਤੀ ਤੋਂ ਬਾਅਦ ਉਹ ਹੁਣ ਨਵੇਂ ਟਰੰਪ ਪ੍ਰਸ਼ਾਸਨ ਵਿਚ ਬਹੁਤ ਜ਼ਿਆਦਾ ਸ਼ਾਮਲ ਹਨ।
ਐਕਸ ਨੂੰ ਪ੍ਰਾਪਤ ਕਰਦੇ ਸਮੇਂ ਮਸਕ ਨੇ ਕਿਹਾ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਲਈ ਅਜਿਹਾ ਕਰ ਰਿਹਾ ਹੈ। ਉਸ ਸਮੇਂ ਉਸਨੇ ਬੋਲਣ ਦੀ ਆਜ਼ਾਦੀ ਦਾ ਆਪਣਾ ਅਰਥ ਸਮਝਾਇਆ। ਉਸਨੇ ਕਿਹਾ, ”ਫ੍ਰੀ ਸਪੀਚ’ ਤੋਂ ਮੇਰਾ ਮਤਲਬ ਸਿਰਫ਼ ਉਹੀ ਹੈ, ਜੋ ਕਾਨੂੰਨ ਦੇ ਅਨੁਕੂਲ ਹੋਵੇ।” ਐਲਨ ਮਸਕ ਨੇ ਕਿਹਾ, ”ਮੈਂ ਉਸ ਸੈਂਸਰਸ਼ਿਪ ਦੇ ਵਿਰੁੱਧ ਹਾਂ, ਜੋ ਕਾਨੂੰਨ ਦੇ ਵਿਰੁੱਧ ਹੈ। ਜੇਕਰ ਲੋਕ ਪ੍ਰਗਟਾਵੇ ਦੀ ਆਜ਼ਾਦੀ ਘੱਟ ਚਾਹੁੰਦੇ ਹਨ, ਤਾਂ ਉਹ ਸਰਕਾਰ ਨੂੰ ਇਸ ਸੰਬੰਧੀ ਕਾਨੂੰਨ ਪਾਸ ਕਰਨ ਲਈ ਕਹਿਣਗੇ। ਇਸ ਲਈ ਕਾਨੂੰਨ ਤੋਂ ਪਰੇ ਜਾਣਾ ਲੋਕਾਂ ਦੀ ਇੱਛਾ ਦੇ ਉਲਟ ਹੈ।” ਉਸ ਨੇ ਉਦੋਂ ਤੋਂ ਪ੍ਰਗਟਾਵੇ ਦੀ ਆਜ਼ਾਦੀ ਲਈ ਆਪਣੇ ਸੱਦੇ ਨੂੰ ਅੱਗੇ ਵਧਾਇਆ ਹੈ ਅਤੇ ਕਿਹਾ ਹੈ ਕਿ ਉਸਦਾ ਪਲੇਟਫਾਰਮ ਐਕਸ ਇਸ ਵਿਚ ਵਿਸ਼ਵਾਸ ਰੱਖਦਾ ਹੈ।
ਇੱਥੇ ਦੱਸ ਦਈਏ ਕਿ ਨੋਬਲ ਸ਼ਾਂਤੀ ਪੁਰਸਕਾਰ ਸਮਾਰੋਹ 10 ਦਸੰਬਰ ਨੂੰ ਓਸਲੋ, ਨਾਰਵੇ ਵਿਚ ਆਯੋਜਿਤ ਕੀਤਾ ਜਾਂਦਾ ਹੈ। ਜਿੱਥੇ ਨੋਬਲ ਪੁਰਸਕਾਰ ਜੇਤੂ ਨੂੰ ਦਿੱਤਾ ਜਾਂਦਾ ਹੈ। ਜਿਸ ਵਿਚ ਨੋਬਲ ਪੁਰਸਕਾਰ ਦਾ ਤਗਮਾ, ਡਿਪਲੋਮਾ ਅਤੇ ਇਨਾਮੀ ਰਾਸ਼ੀ ਦੀ ਪੁਸ਼ਟੀ ਕਰਨ ਵਾਲਾ ਇੱਕ ਦਸਤਾਵੇਜ਼ ਸ਼ਾਮਲ ਹੁੰਦਾ ਹੈ।
ਐਲੋਨ ਮਸਕ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ
