-ਸਿੱਖ ਕੌਮ ਵੀ ਕਰੇਗੀ ਸ਼ਿਰਕਤ
ਸੈਕਰਾਮੈਂਟੋ, 8 ਨਵੰਬਰ (ਪੰਜਾਬ ਮੇਲ)- ਐਲਕ ਗਰੋਵ ਸਿਟੀ ਵੱਲੋਂ ਹਰ ਸਾਲ ਵੈਟਰਨਜ਼ ਡੇਅ ਪਰੇਡ ਕਰਾਈ ਜਾਂਦੀ ਹੈ। ਅਮਰੀਕੀ ਫੌਜ ਨੂੰ ਸਮਰਪਿਤ ਇਸ ਪਰੇਡ ‘ਚ ਸਿੱਖ ਭਾਈਚਾਰੇ ਦੇ ਲੋਕ ਵੀ ਵੱਧ-ਚੜ੍ਹ ਕੇ ਆਪਣੀ ਸ਼ਿਰਕਤ ਕਰਦੇ ਹਨ। ਇਸ ਪਰੇਡ ਵਿਚ ਜਿੱਥੇ ਅਮਰੀਕੀ ਫੌਜ ਵਿਚ ਸੇਵਾ ਨਿਭਾ ਚੁੱਕੇ ਸਾਬਕਾ ਫੌਜੀ ਹਿੱਸਾ ਲੈਂਦੇ ਹਨ, ਉਥੇ ਬਹੁਤ ਸਾਰੇ ਫਲੋਟ ਵੀ ਇਸ ਪਰੇਡ ਦੀ ਰੌਣਕ ਨੂੰ ਵਧਾਉਂਦੇ ਹਨ। ਇਸ ਬਾਰੇ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਇਸ ਪਰੇਡ ਵਿਚ ਸਿੱਖ ਭਾਈਚਾਰੇ ਵੱਲੋਂ 3 ਫਲੋਟ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਉੱਤੇ ਅਮਰੀਕੀ ਫੌਜ ਵਿਚ ਸੇਵਾ ਨਿਭਾਅ ਚੁੱਕੇ ਸਿੱਖ ਫੌਜੀਆਂ ਦੀਆਂ ਤਸਵੀਰਾਂ ਸੁਸ਼ੋਭਿਤ ਹੋਣਗੀਆਂ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਅਮਰੀਕਾ ਵਿਚ ਸਿੱਖ ਭਾਈਚਾਰੇ ਦੀ ਪਛਾਣ ਵਿਚ ਵਾਧਾ ਹੁੰਦਾ ਹੈ। ਸ. ਰੰਧਾਵਾ ਨੇ ਦੱਸਿਆ ਕਿ ਇਹ ਪਰੇਡ 8820, ਐਲਕ ਗਰੋਵ, ਬੁੱਲੇਵਾਰਡ ਤੋਂ ਸ਼ੁਰੂ ਹੋ ਕੇ ਐਲਕ ਗਰੋਵ ਰਿਜਨਲ ਪਾਰਕ ਤੱਕ ਜਾਂਦੀ ਹੈ। ਪਰੇਡ ਸ਼ੁਰੂ ਹੋਣ ਦਾ ਸਮਾਂ ਸਵੇਰੇ 9.00 ਵਜੇ ਹੈ। ਸਮੂਹ ਭਾਈਚਾਰੇ ਨੂੰ ਬੇਨਤੀ ਹੈ ਕਿ ਉਹ ਸਮੇਂ ਤੋਂ ਪਹਿਲਾਂ ਪਹੁੰਚਣ। ਹੋਰ ਜਾਣਕਾਰੀ ਲਈ 916-320-9444 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।