ਓਟਵਾ, 11 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਐਡਮਿੰਟਨ ਵਿਚ ਵਧ ਰਹੀ ਗਰੋਹ ਹਿੰਸਾ ਵਿਚਾਲੇ ਭਾਰਤੀ ਮੂਲ ਦੇ ਇਕ ਸਿੱਖ ਵਿਅਕਤੀ ਅਤੇ ਉਸ ਦੇ 11 ਸਾਲਾ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਹਿੰਸਾ ਵਿਚ ਮਾਰਿਆ ਗਿਆ ਸਿੱਖ ਹਰਪ੍ਰੀਤ ਸਿੰਘ ਉੱਪਲ (41) ਕੈਨੇਡਾ ਦੇ ਸੰਗਠਤਿ ਅਪਰਾਧ ਦੇ ਖੇਤਰ ਵਿਚ ਕਾਫੀ ਮਸ਼ਹੂਰ ਸੀ। ਐਡਮਿੰਟਨ ਪੁਲਿਸ ਸੇਵਾ ਦੇ ਕਾਰਜਕਾਰੀ ਸੁਪਰਡੈਂਟ ਕੋਲਿਨ ਡਰਕਸਨ ਨੇ ਮੀਡੀਆ ਨੂੰ ਦੱਸਿਆ ਕਿ ਉੱਪਲ ਤੇ ਉਸ ਦੇ ਪੁੱਤਰ ਦੀ ਵੀਰਵਾਰ ਨੂੰ ਦੁਪਹਿਰ ਸਮੇਂ ਇਕ ਗੈਸ ਸਟੇਸ਼ਨ ਦੇ ਬਾਹਰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀਬਾਰੀ ਸਮੇਂ ਉੱਪਲ ਦੀ ਕਾਰ ਵਿਚ ਉਸ ਦੇ ਪੁੱਤਰ ਦਾ ਦੋਸਤ ਵੀ ਸੀ ਪਰ ਉਸ ਨੂੰ ਇਸ ਹਮਲੇ ਵਿਚ ਕੋਈ ਸੱਟ ਨਹੀਂ ਲੱਗੀ। ਡਰਕਸਨ ਨੇ ਕਿਹਾ ਕਿ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਜਦੋਂ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕੀਤੀ, ਤਾਂ ਉਨ੍ਹਾਂ ਨੂੰ ਕਾਰ ਵਿਚ ਬੱਚਿਆਂ ਦੇ ਹੋਣ ਬਾਰੇ ਪਤਾ ਸੀ ਜਾਂ ਨਹੀਂ।