-ਲਗਾਤਾਰ ਦੂਜੇ ਦਿਨ 2,000 ਤੋਂ ਵੱਧ ਉਡਾਣਾਂ ਚਲਾਈਆਂ
ਨਵੀਂ ਦਿੱਲੀ, 13 ਦਸੰਬਰ (ਪੰਜਾਬ ਮੇਲ)- ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਸੰਕਟ ਵਿਚੋਂ ਉਭਰ ਕੇ ਲੀਹ ‘ਤੇ ਆ ਗਈ ਜਾਪਦੀ ਹੈ। ਇਹ ਏਅਰਲਾਈਨਜ਼ ਅੱਜ 2,050 ਤੋਂ ਵੱਧ ਉਡਾਣਾਂ ਚਲਾ ਰਹੀ ਹੈ। ਇੰਡੀਗੋ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀ ਏਅਰਲਾਈਨ ਨੇ ਲਗਾਤਾਰ ਪੰਜਵੇਂ ਦਿਨ ਆਪਣੀ ਸੰਚਾਲਨ ਸਥਿਰਤਾ ਬਣਾਈ ਰੱਖੀ ਹੈ ਤੇ ਉਨ੍ਹਾਂ ਦੀਆਂ ਉਡਾਣਾਂ ਸਾਰੀਆਂ 138 ਮੰਜ਼ਿਲਾਂ ‘ਤੇ ਚੱਲੀਆਂ ਹਨ।
ਇੰਡੀਗੋ ਨੇ ਕਿਹਾ ਕਿ 8 ਦਸੰਬਰ ਨੂੰ 1,700 ਤੋਂ ਵੱਧ ਉਡਾਣਾਂ ਚਲਾਈਆਂ ਗਈਆਂ ਸਨ ਅਤੇ ਸਿਰਫ਼ ਇੱਕ ਨੂੰ ਰੱਦ ਕੀਤਾ ਗਿਆ ਸੀ। 9 ਦਸੰਬਰ ਨੂੰ 1800 ਤੋਂ ਵੱਧ ਉਡਾਣਾਂ ਚਲਾਈਆਂ ਗਈਆਂ ਸਨ। 10 ਦਸੰਬਰ ਨੂੰ 1900 ਤੋਂ ਵੱਧ ਉਡਾਣਾਂ ਚਲਾਈਆਂ ਗਈਆਂ ਸਨ ਅਤੇ ਦੋ ਉਡਾਣਾਂ ਰੱਦ ਕੀਤੀਆਂ ਗਈਆਂ ਸਨ। 11 ਦਸੰਬਰ ਨੂੰ 1950 ਤੋਂ ਵੱਧ ਉਡਾਣਾਂ ਚਲਾਈਆਂ ਗਈਆਂ ਸਨ ਅਤੇ ਚਾਰ ਉਡਾਣਾਂ ਰੱਦ ਕੀਤੀਆਂ ਗਈਆਂ ਸਨ। 12 ਦਸੰਬਰ ਨੂੰ 2050 ਤੋਂ ਵੱਧ ਉਡਾਣਾਂ ਚਲਾਈਆਂ ਗਈਆਂ ਸਨ ਅਤੇ ਦੋ ਉਡਾਣਾਂ ਰੱਦ ਕੀਤੀਆਂ ਗਈਆਂ ਸਨ। 13 ਦਸੰਬਰ ਨੂੰ 2050 ਤੋਂ ਵੱਧ ਉਡਾਣਾਂ ਚੱਲਣ ਦੀ ਉਮੀਦ ਹੈ।
ਦੱਸਣਾ ਬਣਦਾ ਹੈ ਕਿ ਨਵੇਂ ਨਿਯਮਾਂ ਤਹਿਤ ਪਾਇਲਟਾਂ ਦੀ ਡਿਊਟੀ ਦੀ ਸਮਾਂ ਸੀਮਾ ‘ਚ ਤਬਦੀਲੀ ਅਤੇ ਇੰਡੀਗੋ ਦੇ ‘ਘੱਟ ਸਟਾਫ’ ਵਾਲੇ ਮਾਡਲ ਕਾਰਨ ਇੰਡੀਗੋ ਦਾ ਸੰਕਟ ਪੈਦਾ ਹੋਇਆ ਸੀ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਉਡਾਣ ਡਿਊਟੀ ਸਮਾਂ ਸੀਮਾ (ਐੱਫ.ਡੀ.ਟੀ.ਐੱਲ.) ਨਿਯਮਾਂ ‘ਚ ਤਬਦੀਲੀ ਕੀਤੀ ਹੈ। ਨਵੇਂ ਨਿਯਮਾਂ ਤਹਿਤ ਪਾਇਲਟਾਂ ਦਾ ਹਫ਼ਤਾਵਾਰੀ ਆਰਾਮ 36 ਘੰਟੇ ਤੋਂ ਵਧਾ ਕੇ 48 ਘੰਟੇ ਕੀਤਾ ਗਿਆ, ਰਾਤ ਦੀਆਂ ਉਡਾਣਾਂ ਦੀ ਗਿਣਤੀ ਸੀਮਤ ਕੀਤੀ ਗਈ ਅਤੇ ਲਗਾਤਾਰ ਰਾਤ ਦੀ ਡਿਊਟੀ ਨੂੰ ਸਿਰਫ਼ ਦੋ ਤੱਕ ਸੀਮਤ ਕੀਤਾ ਗਿਆ। ਇਸ ਨਾਲ ਹਰੇਕ ਪਾਇਲਟ ਵੱਲੋਂ ਉਡਾਈਆਂ ਜਾਂਦੀਆਂ ਉਡਾਣਾਂ ਦੀ ਗਿਣਤੀ ‘ਚ ਕਾਫੀ ਕਮੀ ਆਈ ਹੈ ਤੇ ਇੰਡੀਗੋ ਨੇ ਇਸ ਸਮੱਸਿਆ ਨੂੰ ਘਟਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਪਾਇਲਟਾਂ ਦੀ ਭਰਤੀ ਨਹੀਂ ਕੀਤੀ, ਜਿਸ ਕਾਰਨ ਇਹ ਸੰਕਟ ਖੜ੍ਹਾ ਹੋਇਆ ਤੇ ਇੰਡੀਗੋ ਨੂੰ ਵੱਡੀ ਗਿਣਤੀ ਉਡਾਣਾਂ ਰੱਦ ਕਰਨੀਆਂ ਪਈਆਂ ਸਨ।
ਏਅਰਲਾਈਨ ਇੰਡੀਗੋ ਸੰਕਟ ਵਿਚੋਂ ਉਭਰਨ ਲੱਗੀ

