#INDIA

ਏਅਰ ਇੰਡੀਆ ਵੱਲੋਂ 7 ਕੌਮਾਂਤਰੀ ਉਡਾਣਾਂ ਵੱਖ-ਵੱਖ ਕਾਰਨਾਂ ਕਰਕੇ ਰੱਦ

ਏਅਰ ਇੰਡੀਆ ਨੇ ਅਹਿਮਦਾਬਾਦ-ਲੰਡਨ ਗੈਟਵਿਕ ਉਡਾਣ ਜਹਾਜ਼ ਉਪਲੱਬਧ ਨਾ ਹੋਣ ਕਰਕੇ ਕੀਤੀ ਰੱਦ
ਮੁੰਬਈ/ਕੋਲਕਾਤਾ, 17 ਜੂਨ (ਪੰਜਾਬ ਮੇਲ)- ਏਅਰ ਇੰਡੀਆ ਨੇ ਲੰਡਨ-ਅੰਮ੍ਰਿਤਸਰ ਅਤੇ ਦਿੱਲੀ-ਦੁਬਈ ਸਮੇਤ 7 ਉਡਾਣਾਂ ਵੱਖ-ਵੱਖ ਕਾਰਨਾਂ ਕਰਕੇ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦਿਨ ਵੇਲੇ ਰੱਦ ਕੀਤੀਆਂ ਹੋਰ ਉਡਾਣਾਂ ਵਿਚ ਬੰਗਲੁਰੂ-ਲੰਡਨ, ਦਿੱਲੀ-ਵਿਆਨਾ, ਦਿੱਲੀ-ਪੈਰਿਸ ਅਤੇ ਮੁੰਬਈ-ਸਾਨ ਫਰਾਂਸਿਸਕੋ ਸ਼ਾਮਲ ਹਨ।
ਇਸ ਤੋਂ ਪਹਿਲਾਂ ਦਿਨ ਵਿਚ ਏਅਰ ਇੰਡੀਆ ਨੇ ਜਹਾਜ਼ ਦੀ ਗੈਰਮੌਜੂਦਗੀ ਕਰਕੇ ਅਹਿਮਦਾਬਾਦ-ਲੰਡਨ ਗੈਟਵਿਕ ਉਡਾਣ ਰੱਦ ਕਰ ਦਿੱਤੀ ਸੀ। ਏਅਰਲਾਈਨ ਨੇ ਕਿਹਾ ਸੀ ਕਿ ਭਾਰਤ ਵਿਚ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ਡੀ.ਜੀ.ਸੀ.ਏ. ਜਾਂਚ ਦਾ ਹਿੱਸਾ ਹਨ। ਏਅਰ ਇੰਡੀਆ ਵੱਲੋਂ ਬਰਤਾਨੀਆ ਅਤੇ ਯੂਰਪ ਲਈ ਬੀ-787-8 ਡਰੀਮਲਾਈਨਰਜ਼ ਚਲਾਈ ਜਾਂਦੀ ਹੈ।
ਏਅਰ ਇੰਡੀਆ ਦੀਆਂ ਲੰਡਨ ਅਤੇ ਪੈਰਿਸ ਲਈ ਉਡਾਣਾਂ ਵੱਖ-ਵੱਖ ਕਾਰਨਾਂ ਕਰਕੇ ਰੱਦ ਕੀਤੀਆਂ ਗਈਆਂ ਸਨ। ਇੱਕ ਤਕਨੀਕੀ ਸਮੱਸਿਆ ਕਾਰਨ ਸਾਨ ਫਰਾਂਸਿਸਕੋ-ਮੁੰਬਈ ਉਡਾਣ ਦੇ ਯਾਤਰੀਆਂ ਨੂੰ ਇੱਕ ਸਟਾਪਓਵਰ ਦੌਰਾਨ ਜਹਾਜ਼ ਤੋਂ ਉਤਾਰਨਾ ਪਿਆ ਸੀ।
ਏਅਰ ਇੰਡੀਆ ਨੇ ਉਡਾਣ ਭਰਨ ਤੋਂ ਪਹਿਲਾਂ ਜਾਂਚ ਦੌਰਾਨ ਕੁਝ ਸਮੱਸਿਆਵਾਂ ਆਉਣ ਕਰਕੇ ਦਿੱਲੀ-ਪੈਰਿਸ ਉਡਾਣ ਨੂੰ ਵੀ ਰੱਦ ਕਰ ਦਿੱਤਾ ਸੀ ਅਤੇ ਅਹਿਮਦਾਬਾਦ-ਲੰਡਨ ਉਡਾਣ ਨੂੰ ਜਹਾਜ਼ ਉਪਲੱਬਧ ਨਾ ਹੋਣ ਕਰਕੇ ਰੱਦ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਏਅਰ ਇੰਡੀਆ ਨੇ ਸਾਨ-ਫਰਾਂਸਿਸਕੋ-ਮੁੰਬਈ ਉਡਾਣ ਨੂੰ ਇਸ ਦੇ ਇੱਕ ਇੰਜਣ ਵਿਚ ਤਕਨੀਕੀ ਖਰਾਬੀ ਕਰਕੇ ਮੰਗਲਵਾਰ ਦੀ ਸਵੇਰ ਨੂੰ ਰੱਦ ਕਰ ਦਿੱਤਾ। ਇਹ ਉਡਾਣਾਂ ਰੱਦ ਕਰਨ ਦੀ ਇਕ ਮੁੱਖ ਵਜ੍ਹਾ ਇਹ ਵੀ ਹੈ ਕਿ ਤਫ਼ਤੀਸ਼ਕਾਰ 12 ਜੂਨ ਦੇ ਅਹਿਮਦਾਬਾਦ ਜਹਾਜ਼ ਹਾਦਸੇ ਪਿਛਲੇ ਕਾਰਨਾਂ ਦੀ ਘੋਖ ਕਰ ਰਹੇ ਹਨ।