ਜਨੇਵਾ, 17 ਮਈ (ਪੰਜਾਬ ਮੇਲ)- ਜਨੇਵਾ ‘ਚ ਤਕਨੀਕ ਨੂੰ ਲੈ ਕੇ ਹੋਈ ਮੀਟਿੰਗ ਤੋਂ ਇੱਕ ਦਿਨ ਬਾਅਦ ਜਿੱਥੇ ਅਮਰੀਕਾ ਦੇ ਅਧਿਕਾਰੀਆਂ ਨੇ ਚੀਨ ਵੱਲੋਂ ਏ.ਆਈ. (ਆਰਟੀਫਿਸ਼ੀਅਲ ਇੰਟੈਲੀਜੈਂਸ) ਦੀ ਦੁਰਵਰਤੋਂ ਨੂੰ ਲੈ ਚਿੰਤਾ ਜ਼ਾਹਿਰ ਕੀਤੀ ਹੈ ਉੱਥੇ ਹੀ ਪੇਈਚਿੰਗ ਦੇ ਨੁਮਾਇੰਦਿਆਂ ਨੇ ‘ਪਾਬੰਦੀਆਂ ਤੇ ਦਬਾਅ’ ਨੂੰ ਲੈ ਕੇ ਅਮਰੀਕਾ ਦੀ ਆਲੋਚਨਾ ਕੀਤੀ। ਉੱਚ ਪੱਧਰੀ ਦੂਤਾਂ ਵਿਚਾਲੇ ਹੋਈ ਬੰਦ ਕਮਰਾ ਗੱਲਬਾਤ ‘ਚ ਏਆਈ ਦੇ ਜੋਖਮਾਂ ਤੇ ਇਸ ‘ਤੇ ਪਾਬੰਦੀ ਲਾਉਣ ਦੇ ਢੰਗਾਂ ਨੂੰ ਸ਼ਾਮਲ ਕੀਤਾ ਗਿਆ।’
ਇਸ ਗੱਲਬਾਤ ਦੇ ਸਾਰ ਤੱਤ ਨੇ ਸੰਕੇਤ ਦਿੱਤਾ ਹੈ ਕਿ ਤੇਜ਼ੀ ਨਾਲ ਅੱਗੇ ਵਧਣ ਵਾਲੀ ਤਕਨੀਕ ‘ਤੇ ਚੀਨ ਤੇ ਅਮਰੀਕਾ ਵਿਚਾਲੇ ਤਣਾਅ ਵਧ ਗਿਆ ਹੈ। ਇਹ ਦੁਵੱਲੇ ਸਬੰਧਾਂ ‘ਚ ਟਕਰਾਅ ਦਾ ਇੱਕ ਹੋਰ ਮੁੱਦਾ ਬਣ ਗਿਆ ਹੈ। ਕੌਮੀ ਸੁਰੱਖਿਆ ਕੌਂਸਲ ਦੇ ਤਰਜਮਾਨ ਐਂਡ੍ਰੀਅਨ ਵਾਟਸਨ ਨੇ ਇੱਕ ਬਿਆਨ ‘ਚ ਕਿਹਾ ਚੀਨ ਤੇ ਅਮਰੀਕਾ ਨੇ ਇੱਕ ਦਿਨ ਪਹਿਲਾਂ ਸਪੱਸ਼ਟ ਤੇ ਰਚਨਾਤਮਕ ਚਰਚਾ ‘ਚ ਏ.ਆਈ. ਸੁਰੱਖਿਆ ਤੇ ਜੋਖਮ ਪ੍ਰਬੰਧਨ ਲਈ ਆਪੋ-ਆਪਣੇ ਨਜ਼ਰੀਏ ਬਾਰੇ ਚਰਚਾ ਕੀਤੀ। ਪੇਈਚਿੰਗ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਡੂੰਘਾਈ ਨਾਲ ਪੇਸ਼ੇਵਰ ਤੇ ਰਚਨਾਤਮਕ ਢੰਗ ਨਾਲ ਵਿਚਾਰ-ਵਟਾਂਦਰਾ ਕੀਤਾ। ਏ.ਆਈ. ‘ਤੇ ਇਸ ਤਰ੍ਹਾਂ ਦੀ ਪਹਿਲੀ ਅਮਰੀਕਾ-ਚੀਨ ਵਾਰਤਾ ਸਾਂ ਫਰਾਂਸਿਸਕੋ ‘ਚ ਰਾਸ਼ਟਰਪਤੀ ਜੋਅ ਬਾਇਡਨ ਤੇ ਸ਼ੀ ਜਿਨਪਿੰਗ ਵਿਚਾਲੇ ਨਵੰਬਰ ‘ਚ ਹੋਈ ਮੀਟਿੰਗ ਦਾ ਨਤੀਜਾ ਸੀ।