#PUNJAB

ਉੱਤਰੀ ਭਾਰਤ ਵਿੱਚ ਠੰਢ ਵਧੀ; ਕਸ਼ਮੀਰ ’ਚ ਤਾਪਮਾਨ ਮਨਫੀ ਤੋਂ ਹੇਠਾਂ

ਚੰਡੀਗੜ੍ਹ, 7  ਦਸੰਬਰ (ਪੰਜਾਬ ਮੇਲ)- ਦੇਸ਼ ਦੇ ਉਤਰੀ ਹਿੱਸੇ ਵਿਚ ਠੰਢ ਵਧ ਗਈ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ ਤਿੰਨ ਤੋਂ ਸੱਤ ਡਿਗਰੀ ਦਰਮਿਆਨ ਦਰਜ ਕੀਤਾ ਗਿਆ। ਦੂਜੇ ਪਾਸੇ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੀਆਂ ਕਈ ਥਾਵਾਂ ’ਤੇ ਤਾਪਮਾਨ ਮਨਫੀ ਤੋਂ ਹੇਠਾਂ ਰਿਹਾ। ਜੰਮੂ ਕਸ਼ਮੀਰ ’ਚ ਤਾਪਮਾਨ ਮਨਫੀ 4.3 ਡਿਗਰੀ ਦਰਜ ਕੀਤਾ ਗਿਆ ਤੇ ਅਮਰਨਾਥ ਯਾਤਰੀ ਬੇਸ ਕੈਂਪ ਸਭ ਤੋਂ ਠੰਢਾ ਸਥਾਨ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ ਦੱਸਿਆ ਕਿ ਕੌਮੀ ਰਾਜਧਾਨੀ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿੱਚ ਫਰੀਦਕੋਟ ਵਿਚ ਘੱਟੋ-ਘੱਟ ਤਾਪਮਾਨ 4.4 ਡਿਗਰੀ ਰਿਹਾ। ਹਰਿਆਣਾ ਦੇ ਨਾਰਨੌਲ ਵਿਚ ਘੱਟੋ-ਘੱਟ ਤਾਪਮਾਨ 4.6 ਡਿਗਰੀ ਰਿਹਾ ਤੇ ਇਹ ਸਭ ਤੋਂ ਠੰਢੇ ਸਥਾਨ ਰਹੇ। ਚੰਡੀਗੜ੍ਹ ’ਚ ਘੱਟੋ ਘੱਟ ਤਾਪਮਾਨ 8.2 ਡਿਗਰੀ ਰਿਹਾ। ਮੌਸਮ ਵਿਭਾਗ ਨੇ ਬੁੱਧਵਾਰ ਤੱਕ ਹਿਮਾਚਲ ਪ੍ਰਦੇਸ਼ ਦੀਆਂ ਕਈ ਥਾਵਾਂ ’ਤੇ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸੇ ਤਰ੍ਹਾਂ ਕਸ਼ਮੀਰ ਦੇ ਸ੍ਰੀਨਗਰ, ਕਾਜ਼ੀਗੁੰਡ, ਕੁਪਵਾੜਾ ਤੇ ਕੋਕਰਨਾਗ ’ਚ ਘੱਟੋ ਘੱਟ ਤਾਪਮਾਨ ਮਨਫੀ ਦੇ ਨੇੜੇ ਦਰਜ ਕੀਤਾ ਗਿਆ ਹੈ।