#OTHERS

ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦਾਗੀ

ਸਿਓਲ, 13 ਜੁਲਾਈ (ਪੰਜਾਬ ਮੇਲ)-ਉੱਤਰੀ ਕੋਰੀਆ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਅੱਜ ਆਪਣੀ ਪਹਿਲੀ ਇੰਟਰਕੌਂਟੀਨੈਂਟਲ (ਅੰਤਰਦੀਪੀ) ਬੈਲਿਸਟਿਕ ਮਿਜ਼ਾਈਲ ਛੱਡੀ। ਉੱਤਰੀ ਕੋਰੀਆ ਨੇ ਅਜੇ ਦੋ ਦਿਨ ਪਹਿਲਾਂ ਆਪਣੇ ਭੂ-ਖੰਡ ਨੇੜੇ ਅਮਰੀਕਾ ਦੀਆਂ ਜਾਸੂਸੀ ਸਰਗਰਮੀਆਂ ਨੂੰ ਭੜਕਾਊ ਕਾਰਵਾਈ ਕਰਾਰ ਦਿੰਦਿਆਂ ਸਿੱਟੇ ਭੁਗਤਣ ਦੀ ਧਮਕੀ ਦਿੱਤੀ ਸੀ। ਮਾਹਿਰਾਂ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਰੋਡ-ਮੋਬਾਈਲ ਹਵਾਸੌਂਗ-18 ਇੰਟਰਕੌਂਟੀਨੈਟਲ ਬੈਲਿਸਟਿਕ ਮਿਜ਼ਾਈਲ ਲਾਂਚ ਕੀਤੀ ਹੈ, ਜੋ ਠੋਸ-ਈਂਧਣ ਵਾਲਾ ਹਥਿਆਰ ਹੈ ਤੇ ਜਿਸ ਨੂੰ ਇਸ ਦੇ ਤਰਲ-ਈਂਧਣ ਰੂਪ ਦੇ ਮੁਕਾਬਲੇ ਲੱਭਣਾ ਤੇ ਰਾਹ ਵਿਚ ਰੋਕਣਾ ਵਿਚ ਥੋੜ੍ਹਾ ਮੁਸ਼ਕਲ ਹੈ। ਦੱਖਣੀ ਕੋਰੀਆ ਤੇ ਜਾਪਾਨ ਵੱਲੋਂ ਕੀਤੀ ਸਮੀਖਿਆ ਮੁਤਾਬਕ ਮਿਜ਼ਾਈਲ ਉੱਤਰੀ ਕੋਰੀਆ ਦੀ ਰਾਜਧਾਨੀ ਤੋਂ ਸਵੇਰੇ 10 ਵਜੇ ਦੇ ਕਰੀਬ ਛੱਡੀ ਗਈ ਅਤੇ ਇਹ 6000 ਕਿਲੋਮੀਟਰ (3730 ਮੀਲ) ਦੀ ਉਚਾਈ ‘ਤੇ 1000 ਕਿਲੋਮੀਟਰ (620 ਮੀਲ) ਦਾ ਸਫ਼ਰ ਕਰਨ ਮਗਰੋਂ ਕੋਰਿਆਈ ਪ੍ਰਾਇਦੀਪ ਤੇ ਜਾਪਾਨ ਵਿਚਾਲੇ ਪਾਣੀਆਂ ਵਿਚ ਡਿੱਗ ਗਈ। ਦੱਖਣੀ ਕੋਰੀਆ ਦੀ ਫੌਜ ਨੇ ਇਸ ਕਾਰਵਾਈ ਨੂੰ ‘ਭੜਕਾਊ’ ਕਰਾਰ ਦਿੰਦਿਆਂ ਉੱਤਰੀ ਕੋਰੀਆ ਨੂੰ ਅਪੀਲ ਕੀਤੀ ਕਿ ਉਹ ਹੋਰ ਮਿਜ਼ਾਈਲਾਂ ਲਾਂਚ ਕਰਨ ਤੋਂ ਟਲੇ। ਉਧਰ ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਹਿਰੋਕਾਜ਼ੂ ਮਤਸੂਨੋ ਨੇ ਉੱਤਰੀ ਕੋਰੀਆ ਵੱਲੋਂ ਲਗਾਤਾਰ ਮਿਜ਼ਾਈਲਾਂ ਛੱਡਣ ਨੂੰ ਜਾਪਾਨ, ਖਿੱਤੇ ਤੇ ਕੌਮਾਂਤਰੀ ਭਾਈਚਾਰੇ ਦੀ ਸ਼ਾਂਤੀ ਤੇ ਸੁਰੱਖਿਆ ਲਈ ਵੰਗਾਰ ਕਰਾਰ ਦਿੱਤਾ ਹੈ।

Leave a comment