#AMERICA

ਉੱਤਰੀ ਕੈਰੋਲੀਨਾ ‘ਚ ਪ੍ਰਵਾਸੀਆਂ ਨੂੰ ਫੜਨ ਲਈ ਛਾਪੇਮਾਰੀ ਕਾਰਨ ਸਹਿਮ ਦਾ ਮਹੌਲ

ਸੈਕਰਾਮੈਂਟੋ, 18 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉੱਤਰੀ ਕੈਰੋਲੀਨਾ ਦੇ ਸਭ ਤੋਂ ਵੱਡੇ ਸ਼ਹਿਰ ਚਾਰਲੋਟੇ ਵਿਚ ਇਮੀਗ੍ਰੇਸ਼ਨ ਇਨਫੋਰਸਮੈਂਟ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਕਾਰੋਬਾਰੀ ਅਦਾਰਿਆਂ ਉਪਰ ਮਾਰੇ ਜਾ ਰਹੇ ਛਾਪਿਆਂ ਕਾਰਨ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਛਾਪੇਮਾਰੀ ਕਾਰਨ ਕਈ ਕਾਰੋਬਾਰੀ ਅਦਾਰੇ ਬੰਦ ਹੋ ਗਏ ਹਨ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਹੈ। ਅਸਿਸਟੈਂਟ ਹੋਮਲੈਂਡ ਸਕਿਉਰਿਟੀ ਸਕੱਤਰ ਟਰੀਸੀਆ ਮੈਕਲੌਘਲਿਨ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ”ਅਮਰੀਕੀ ਲੋਕ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਹਿੰਸਾ ਤੋਂ ਮੁਕਤ ਹੋਣੇ ਚਾਹੀਦੇ ਹਨ। ਗੈਰ ਕਾਨੂੰਨੀ ਪ੍ਰਵਾਸੀ ਅਮਰੀਕੀਆਂ ਦੇ ਦੁੱਖਾਂ ਦਾ ਕਾਰਨ ਹਨ, ਉਹ ਹਰ ਹਾਲਤ ਵਿਚ ਦੇਸ਼ ਵਿਚੋਂ ਬਾਹਰ ਹੋਣੇ ਚਾਹੀਦੇ ਹਨ।” ਉਨ੍ਹਾਂ ਕਿਹਾ ਕਿ ਅਸੀਂ ਚਾਰਲੋਟੇ ਵਿਚ ਡੀ.ਐੱਚ.ਐੱਸ. ਲਾਅ ਇਨਫੋਰਸਮੈਂਟ ਦੀ ਨਫਰੀ ਵਧਾ ਰਹੇ ਹਾਂ, ਤਾਂ ਜੋ ਅਮਰੀਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਜਨਤਕ ਸੁਰੱਖਿਆ ਨੂੰ ਦਰਪੇਸ਼ ਖਤਰੇ ਨੂੰ ਖਤਮ ਕੀਤਾ ਜਾ ਸਕੇ। ਮੇਅਰ ਵੀ ਲਾਲਸ ਸਮੇਤ ਸਥਾਨਕ ਅਫਸਰਾਂ ਨੇ ਛਾਪੇਮਾਰੀ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਬਿਨਾਂ ਕਾਰਨ ਡਰ ਤੇ ਬੇਯਕੀਨੀ ਦਾ ਮਾਹੌਲ ਬਣ ਗਿਆ ਹੈ। ਜਾਰੀ ਬਿਆਨ ਜਿਸ ਉਪਰ ਮੇਅਰ ਤੋਂ ਇਲਾਵਾ ਮੈਕਲਨਬਰਗ ਕਾਊਂਟੀ ਕਮਿਸ਼ਨਰ ਮਾਰਕ ਜੇਰੇਲ ਦੇ ਵੀ ਦਸਤਖਤ ਹਨ, ਵਿਚ ਕਿਹਾ ਹੈ ਕਿ ”ਅਸੀਂ ਚਾਰਲੋਟੇ ਤੇ ਮੈਕਲਨਬਰਗ ਕਾਊਂਟੀ ਦੇ ਲੋਕਾਂ ਨੂੰ ਦੱਸਣਾ ਚਹੁੰਦੇ ਹਾਂ ਕਿ ਅਸੀਂ ਉਨ੍ਹਾਂ ਦੇ ਨਾਲ ਹਾਂ, ਜੋ ਕੇਵਲ ਰੋਜ਼ੀ ਰੋਟੀ ਕਮਾਉਣ ਲਈ ਕੰਮਾਂ ਕਾਰਾਂ ‘ਤੇ ਜਾਂਦੇ ਹਨ।”