#AMERICA

ਉੱਘੇ ਕੋਚ ਰਵਿੰਦਰ ਕੁਮਾਰ ਰਿਸ਼ੀ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

ਸਿਆਟਲ, 6 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਰਵਿੰਦਰ ਕੁਮਾਰ ਰਿਸ਼ੀ ਪਿਛਲੇ ਦਿਨੀਂ ਪਰਲੋਕ ਸਿਧਾਰ ਗਏ ਸਨ। ਉਨ੍ਹਾਂ ਦਾ ਅੰਤਿਮ ਅਰਦਾਸ ਕਰ ਦਿੱਤਾ ਗਿਆ ਹੈ। ਦੂਰੋਂ-ਨੇੜਿਓਂ ਆਏ ਸੱਜਣਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ।
ਰਵਿੰਦਰ ਰਿਸ਼ੀ ਜਿਮਨਾਸਟਿਕ ਦੇ ਇਕ ਮੰਨੇ-ਪ੍ਰਮੰਨੇ ਕੋਚ ਸਨ। ਉਨ੍ਹਾਂ ਆਪਣਾ ਸਾਰਾ ਜੀਵਨ ਖੇਡ ਮੈਦਾਨ ਨੂੰ ਅਰਪਿਤ ਕੀਤਾ ਹੋਇਆ ਸੀ। ਉਹ ਪਟਿਆਲਾ ਵਿਖੇ ਜ਼ਿਲ੍ਹਾ ਖੇਡ ਅਫਸਰ ਵੀ ਤਾਇਨਾਤ ਰਹੇ। ਸਿਆਟਲ ਵਿਖੇ ਬੱਚਿਆਂ ਦੇ ਖੇਡ ਕੈਂਪ ਲਈ ਉਨ੍ਹਾਂ ਦਾ ਬੜਾ ਮਹੱਤਵਪੂਰਨ ਯੋਗਦਾਨ ਰਿਹਾ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਬਹੁਤ ਸਾਰੇ ਖੇਡ ਪ੍ਰੇਮੀਆਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪੰਜਾਬ ਦੇ ਸਾਬਕਾ ਖੇਡ ਡਾਇਰੈਕਟਰ ਅਤੇ ਅੰਤਰਰਾਸ਼ਟਰੀ ਪਹਿਲਵਾਨ ਪਦਮ ਸ੍ਰੀ ਕਰਤਾਰ ਸਿੰਘ ਨੇ ਕਿਹਾ ਕਿ ਰਵਿੰਦਰ ਰਿਸ਼ੀ ਇਕ ਮਿਹਨਤੀ ਕੋਚ ਸਨ। ਉਨ੍ਹਾਂ ਨੇ ਬਹੁਤ ਸਾਰੇ ਖਿਡਾਰੀਆਂ ਨੂੰ ਚੰਗੀ ਕੋਚਿੰਗ ਦਿੱਤੀ। ਸਿਆਟਲ ਦੀ ਪ੍ਰਮੁੱਖ ਸ਼ਖਸੀਅਤਾਂ ਮਨਮੋਹਨ ਸਿੰਘ ਧਾਲੀਵਾਲ, ਦਇਆਬੀਰ ਸਿੰਘ ਬਾਠ, ਹਰਦੀਪ ਸਿੰਘ ਗਿੱਲ, ਕਰਨਲ ਹਰਦਿਆਲ ਸਿੰਘ ਵਿਰਕ, ਗੁਰਦੀਪ ਸਿੰਘ ਸਿੱਧੂ, ਸੌਰਵ ਰਿਸ਼ੀ, ਮਧੂਬਾਲਾ ਰਿਸ਼ੀ ਨੇ ਰਵਿੰਦਰ ਰਿਸ਼ੀ ਦੇ ਅਕਾਲ ਚਲਾਣੇ ਨੂੰ ਪੰਜਾਬੀ ਭਾਈਚਾਰੇ ਲਈ ਨਾ ਪੂਰਾ ਹੋਣ ਦਾ ਘਾਟਾ ਦੱਸਿਆ ਹੈ।
ਅੰਤਿਮ ਸਸਕਾਰ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ, ਕੈਂਟ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਕੀਤੀ ਗਈ।