#INDIA

ਉੜੀਸਾ ‘ਚ ਪੰਜ ਵਾਰ ਦਾ MLA ਬੀ.ਜੇ.ਡੀ. ਛੱਡ ਭਾਜਪਾ ‘ਚ ਸ਼ਾਮਲ

ਭੁਬਨੇਸ਼ਵਰ, 4 ਮਾਰਚ (ਪੰਜਾਬ ਮੇਲ)- ਉੜੀਸਾ ‘ਚ ਪੰਜ ਵਾਰ ਦਾ ਵਿਧਾਇਕ ਅਰਬਿੰਦ ਢਲੀ ਭਾਜਪਾ ‘ਚ ਸ਼ਾਮਲ ਹੋ ਗਿਆ। ਉਸ ਨੇ ਇਕ ਦਿਨ ਪਹਿਲਾਂ ਹੁਕਮਰਾਨ ਧਿਰ ਬੀ.ਜੇ.ਡੀ. ਤੋਂ ਅਸਤੀਫ਼ਾ ਦੇ ਦਿੱਤਾ ਸੀ। ਢਲੀ ਰੈਲੀ ਦੇ ਰੂਪ ‘ਚ ਆਪਣੇ ਸਮਰਥਕਾਂ ਨਾਲ ਭਾਜਪਾ ਦਫ਼ਤਰ ‘ਤੇ ਪੁੱਜੇ ਅਤੇ ਪ੍ਰਦੇਸ਼ ਪ੍ਰਧਾਨ ਮਨਮੋਹਨ ਸਮਾਲ ਤੇ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਦੀ ਹਾਜ਼ਰੀ ‘ਚ ਪਾਰਟੀ ‘ਚ ਸ਼ਾਮਲ ਹੋ ਗਏ। ਬੀ.ਜੇ.ਡੀ. ਤੋਂ ਅਸਤੀਫ਼ਾ ਦੇਣ ਵਾਲੇ ਸਾਬਕਾ ਵਿਧਾਇਕ ਮੁਕੁੰਦ ਸੋਡੀ ਵੀ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਮੀਡੀਆ ਨੂੰ ਸੰਬੋਧਨ ਕਰਦਿਆਂ ਅਰਬਿੰਦ ਢਲੀ ਨੇ ਕਿਹਾ ਕਿ ਬੀ.ਜੇ.ਡੀ. ‘ਚ ਲੋਕਤੰਤਰ ਨਹੀਂ ਰਿਹਾ ਅਤੇ ਸੀਨੀਅਰ ਆਗੂਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉੜੀਸਾ ‘ਚ ਭਾਜਪਾ 147 ‘ਚੋਂ 100 ਤੋਂ ਵਧ ਸੀਟਾਂ ਜਿੱਤ ਕੇ ਅਗਲੀ ਸਰਕਾਰ ਬਣਾਏਗੀ। ਉਹ 1992 ‘ਚ ਭਾਜਪਾ ਦੀ ਟਿਕਟ ‘ਤੇ ਪਹਿਲੀ ਵਾਰ ਚੋਣ ਜਿੱਤ ਕੇ ਵਿਧਾਨ ਸਭਾ ਪੁੱਜੇ ਸਨ। ਉਹ ਬੀ.ਜੇ.ਡੀ. ਸਰਕਾਰ ‘ਚ ਸਹਿਕਾਰਤਾ, ਕੱਪੜਾ, ਵਣਜ ਅਤੇ ਟਰਾਂਸਪੋਰਟ ਮੰਤਰੀ ਵੀ ਰਹੇ ਸਨ। ਉਧਰ ਬੀ.ਜੇ.ਡੀ. ਦੇ ਸੀਨੀਅਰ ਆਗੂ ਰਾਜ ਕਿਸ਼ੋਰ ਦਾਸ ਨੇ ਦਾਅਵਾ ਕੀਤਾ ਕਿ ਢਲੀ ਦੇ ਭਾਜਪਾ ‘ਚ ਸ਼ਾਮਲ ਹੋਣ ਨਾਲ ਪਾਰਟੀ ‘ਤੇ ਕੋਈ ਅਸਰ ਨਹੀਂ ਪਵੇਗਾ।