#PUNJAB

ਉਜਾਗਰ ਸਿੰਘ ਦੀ ਪੁਸਤਕ ‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’ ਲੋਕ ਅਰਪਣ

ਪਟਿਆਲਾ, 2 ਮਾਰਚ (ਪੰਜਾਬ ਮੇਲ)- ਪਿੰਡ ਕਿਸੇ ਕੌਮ ਦਾ ਸਰਮਾਇਆ ਹੁੰਦੇ ਹਨ, ਕਿਉਂਕਿ ਪਿੰਡ ਕੌਮ ਦੇ ਸਮਾਜਿਕ, ਸੱਭਿਆਚਾਰਕ, ਆਰਥਿਕ, ਰਹਿਤਲ, ਭਾਈਚਾਰਾ, ਰਸਮ ਰਿਵਾਜ਼, ਪ੍ਰੰਪਰਾਵਾਂ ਅਤੇ ਕਦਰਾਂ-ਕੀਮਤਾਂ ਦੇ ਪਹਿਰੇਦਾਰ ਬਣਦੇ ਹਨ। ਬਿਲਕੁਲ ਇਸੇ ਤਰ੍ਹਾਂ ਪਿੰਡ ਕੱਦੋਂ ਦਾ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਵਿਰਸਾ ਅਮੀਰ ਹੈ। ਇਸ ਪਿੰਡ ਦੇ ਵਾਸੀਆਂ ਨੇ ਸੰਸਾਰ ਵਿਚ ਵਿਲੱਖਣ ਪ੍ਰਾਪਤੀਆਂ ਕਰਕੇ ਆਪਣੀ ਅਮੀਰ ਵਿਰਾਸਤ ਨੂੰ ਚਾਰ ਚੰਨ੍ਹ ਲਾਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਕੱਦੋਂ ਦੇ ਜੀਵਤ ਸਭ ਤੋਂ ਸੀਨੀਅਰ ਮੈਂਬਰ ਮਾਸਟਰ ਗੁਰਦੇਵ ਸਿੰਘ ਨੇ ਉਜਾਗਰ ਸਿੰਘ ਦੀ ‘ਪਿੰਡ ਕੱਦੋਂ ਦਾ ਵਿਰਾਸਤੀ ਰੰਗ’ ਪੁਸਤਕ ਨੂੰ 38ਵੇਂ ਕਬੱਡੀ ਕੱਪ ਦੇ ਇਨਾਮ ਵੰਡ ਸਮਾਰੋਹ ਵਿਚ ਲੋਕ ਅਰਪਣ ਕਰਨ ਤੋਂ ਬਾਅਦ ਕੀਤਾ। ਉਨ੍ਹਾਂ ਅੱਗੋਂ ਕਿਹਾ ਇਸ ਪੁਸਤਕ ਵਿਚ ਪਿੰਡ ਕੱਦੋਂ ਦੇ ਸੱਭਿਆਚਾਰ ਦੇ ਰਖਵਾਲੇ ਜਸਵਿੰਦਰ ਸਿੰਘ ਭੱਲਾ, ਜੀਤ ਕੱਦੋਂਵਾਲਾ, ਮਨਪ੍ਰੀਤ ਅਖ਼ਤਰ ਅਤੇ ਰਮਨ ਕੱਦੋਂ, ਵਰਗੇ ਕਲਾਕਾਰਾਂ, ਗੀਤਕਾਰਾਂ, ਗਾਇਕਾਂ ਅਤੇ ਅਦਾਕਾਰਾਂ ਦੀਆਂ ਪ੍ਰਾਪਤੀਆਂ ਦਾ ਵੇਰਵਾ ਦਿੱਤਾ ਗਿਆ ਹੈ। ਪਿੰਡ ਕੱਦੋਂ ਦੇ ਵਿਅਕਤੀ ਡਾਕਟਰ, ਵਕੀਲ, ਜੱਜ, ਪ੍ਰੋਫ਼ੈਸਰ, ਵਿਓਪਾਰੀ, ਉਦਮੀ, ਖੇਤੀਬਾੜੀ ਮਾਹਰ, ਸਪੋਰਟਸਮੈਨ, ਆਰਥਿਕ ਮਾਹਿਰ, ਵਾਤਾਵਰਨ ਪ੍ਰੇਮੀ, ਸਮਾਜ ਸੇਵਕ, ਚੋਟੀ ਦੇ ਕਲਾਕਰ, ਗਾਇਕ ਅਤੇ ਹੋਏ ਹਨ, ਜਿਨ੍ਹਾਂ ਨੇ ਆਪਣੀਆਂ ਵਿਲੱਖਣ ਪ੍ਰਾਪਤੀਆਂ ਕਰਕੇ ਪਿੰਡ ਦਾ ਨਾਮ ਸੰਸਾਰ ਵਿਚ ਰੌਸ਼ਨ ਕੀਤਾ ਹੈ। ਇਸ ਪਿੰਡ ਦੇ ਕਿਸਾਨਾਂ ਨੇ ਰਵਾਇਤੀ ਫ਼ਸਲਾਂ ਦੀ ਥਾਂ ਡਾਈਵਰਸੀਫੀਕੇਸ਼ਨ ਨੂੰ ਤਰਜੀਹ ਦਿੱਤੀ ਹੈ। ਪਿੰਡ ਕੱਦੋਂ ਆਪਣੀ ਬੁੱਕਲ ਵਿਚ ਪੁਰਾਤਨ ਵਿਰਾਸਤੀ ਇਤਿਹਾਸ ਨੂੰ ਸੰਭਾਲੀ ਬੈਠਾ ਹੈ। ਇਹ ਪੁਸਤਕ ਪਿੰਡਾਂ ਦੀ ਰਹਿਣੀ-ਬਹਿਣੀ ਦਾ ਇਤਿਹਾਸਕ ਦਸਤਾਵੇਜ਼ ਬਣ ਗਈ ਹੈ। ਇਸ ਮੌਕੇ ‘ਤੇ ਕਬੱਡੀ ਕੱਪ ਦੇ ਪ੍ਰਧਾਨ ਸੁਰਜੀਤ ਸਿੰਘ ਮੁੰਡੀ, ਮੇਵਾ ਸਿੰਘ ਮੁੰਡੀ ਐੱਨ.ਆਰ.ਆਈ. ਐਡਵੋਕੇਟ ਪਰਮਜੀਤ ਸਿੰਘ ਮੁੰਡੀ, ਰਣਜੀਤ ਸਿੰਘ, ਦਿਲਬਾਗ ਸਿੰਘ ਪੋਲਾ ਸਾਬਕਾ ਚੇਅਰਮੈਨ, ਸਬ ਇੰਸਪੈਕਟਰ ਸੁਰਜੀਤ ਸਿੰਘ, ਸੂਬੇਦਾਰ ਮਲਕੀਤ ਸਿੰਘ, ਰਾਜਵੀਰ ਸਿੰਘ ਮੁੰਡੀ, ਤਨਵੀਰ ਸਿੰਘ ਮੁੰਡੀ, ਦਵਿੰਦਰ ਸਿੰਘ ਮੁੰਡੀ, ਗਗਨ ਮੁੰਡੀ ਅਤੇ ਰਾਜਵੀਰ ਸਿੰਘ ਠੇਕਦਾਰ ਆਦਿ ਲੋਕ ਅਰਪਣ ਵਿਚ ਸ਼ਾਮਲ ਸਨ। ਉਜਾਗਰ ਸਿੰਘ ਨੇ ਪਿੰਡ ਕੱਦੋਂ ਦੇ ਨਿਵਾਸੀਆਂ ਦਾ ਧੰਨਵਾਦ ਕੀਤਾ।