ਤੇਲ ਅਵੀਵ, 28 ਫਰਵਰੀ (ਪੰਜਾਬ ਮੇਲ)-ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ਵਿਰੁੱਧ ਸ਼ੁਰੂ ਕੀਤੀ ਗਈ ਸਾਂਝੀ ਫੌਜੀ ਕਾਰਵਾਈ ਦੌਰਾਨ ਇੱਕ ਵੱਡਾ ਦੁਖਾਂਤ ਸਾਹਮਣੇ ਆਇਆ ਹੈ। ਇਰਾਨ ਦੀ ਸਰਕਾਰੀ ਨਿਊਜ਼ ਏਜੰਸੀ ਆਈ.ਆਰ.ਐੱਨ.ਏ. ਨੇ ਦਾਅਵਾ ਕੀਤਾ ਹੈ ਕਿ ਦੱਖਣੀ ਇਰਾਨ ਦੇ ਹਰਮੋਜ਼ਗਨ ਸੂਬੇ ਦੇ ਸ਼ਹਿਰ ਮੀਨਾਬ ਵਿਚ ਇੱਕ ਕੁੜੀਆਂ ਦੇ ਐਲੀਮੈਂਟਰੀ ਸਕੂਲ ‘ਤੇ ਇਜ਼ਰਾਈਲੀ ਹਮਲਾ ਹੋਇਆ ਹੈ। ਇਸ ਹਮਲੇ ਵਿਚ 57 ਵਿਦਿਆਰਥਣਾਂ ਦੀ ਮੌਤ ਹੋ ਗਈ ਹੈ।
ਇਜ਼ਰਾਈਲ ਨੇ ਇਸ ਫੌਜੀ ਕਾਰਵਾਈ ਨੂੰ ‘ਲਾਇਨਜ਼ ਰੋਰ’ ਦਾ ਨਾਮ ਦਿੱਤਾ ਹੈ, ਜਿਸ ਦੇ ਤਹਿਤ ਇਰਾਨ ਦੇ ਕਈ ਸ਼ਹਿਰਾਂ ਵਿਚ ਜ਼ਬਰਦਸਤ ਧਮਾਕੇ ਸੁਣੇ ਗਏ ਹਨ। ਇਰਾਨੀ ਮੀਡੀਆ ਅਨੁਸਾਰ, ਸਕੂਲ ‘ਤੇ ਹੋਏ ਇਸ ਹਮਲੇ ਤੋਂ ਇਲਾਵਾ ਕਈ ਫੌਜੀ ਕਮਾਂਡਰ ਵੀ ਮਾਰੇ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਇਸ ਵੱਡੇ ਜੰਗੀ ਆਪ੍ਰੇਸ਼ਨ ਵਿਚ ਪੂਰੀ ਤਰ੍ਹਾਂ ਸ਼ਾਮਲ ਹੈ।
ਸਕੂਲੀ ਬੱਚੀਆਂ ਦੀ ਮੌਤ ਅਤੇ ਆਪਣੇ ਇਲਾਕੇ ‘ਤੇ ਹੋਏ ਹਮਲਿਆਂ ਤੋਂ ਗੁੱਸੇ ਵਿਚ ਆਏ ਇਰਾਨ ਨੇ ਇਜ਼ਰਾਈਲ ਅਤੇ ਅਮਰੀਕਾ ਨੂੰ ‘ਇਤਿਹਾਸਕ ਸਬਕ’ ਸਿਖਾਉਣ ਦਾ ਐਲਾਨ ਕੀਤਾ ਹੈ। ਇਰਾਨੀ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਅਬੋਲਫਜ਼ਲ ਸ਼ੇਕਰਚੀ ਨੇ ਕਿਹਾ ਕਿ ਖੇਤਰ ਵਿਚ ਇਜ਼ਰਾਈਲ ਦੀ ਮਦਦ ਕਰਨ ਵਾਲਾ ਕੋਈ ਵੀ ਅਮਰੀਕੀ ਬੇਸ ਉਨ੍ਹਾਂ ਦੇ ਨਿਸ਼ਾਨੇ ਤੋਂ ਬਚ ਨਹੀਂ ਸਕੇਗਾ। ਇਰਾਨ ਨੇ ਪਹਿਲਾਂ ਹੀ ਕਤਰ, ਕੁਵੈਤ, ਯੂ.ਏ.ਈ. ਅਤੇ ਬਹਿਰੀਨ ਵਿਚ ਸਥਿਤ ਅਮਰੀਕੀ ਫੌਜੀ ਬੇਸਾਂ ‘ਤੇ ਮਿਜ਼ਾਈਲਾਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਯੂਰਪੀ ਸੰਘ (ਈ.ਯੂ.) ਨੇ ਇਸ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਦੋਵਾਂ ਧਿਰਾਂ ਨੂੰ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ‘ਵੱਧ ਤੋਂ ਵੱਧ ਸੰਜਮ’ ਵਰਤਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ, ਯੂਕਰੇਨ ਨੇ ਇਸ ਸਾਰੀ ਹਿੰਸਾ ਲਈ ਇਰਾਨੀ ਸ਼ਾਸਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ। ਮੌਜੂਦਾ ਹਾਲਾਤਾਂ ਕਾਰਨ ਪੂਰੇ ਮੱਧ ਪੂਰਬ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਕਈ ਦੇਸ਼ਾਂ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ।
ਈਰਾਨੀ ਮੀਡੀਆ ਵੱਲੋਂ ਇਜ਼ਰਾਈਲੀ ਹਮਲੇ ‘ਚ 57 ਵਿਦਿਆਰਥਣਾਂ ਦੀ ਮੌਤ ਹੋਣ ਦਾ ਵੱਡਾ ਦਾਅਵਾ

