ਤੇਹਰਾਨ/ਵਾਸ਼ਿੰਗਟਨ, 14 ਮਾਰਚ (ਪੰਜਾਬ ਮੇਲ)- ਈਰਾਨ ਤੇ ਅਮਰੀਕਾ-ਇਜ਼ਰਾਈਲ ਵਿਚਾਲੇ ਈਰਾਨ ਨੇ ਅਮਰੀਕਾ ਨੂੰ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਉਸ ਦੇ ਤੇਲ ਟਿਕਾਣਿਆਂ ‘ਤੇ ਹਮਲਾ ਕੀਤਾ ਗਿਆ, ਤਾਂ ਉਹ ਅਮਰੀਕਾ ਨਾਲ ਜੁੜੀਆਂ ਤੇਲ ਸਹੂਲਤਾਂ ਨੂੰ ‘ਸੁਆਹ ਦੇ ਢੇਰ’ ਵਿਚ ਬਦਲ ਦੇਵੇਗਾ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਹੈ ਕਿ ਜੇਕਰ ਈਰਾਨ ਨੇ ‘ਸਟ੍ਰੇਟ ਆਫ ਹਰਮੁਜ਼’ ਵਿਚ ਜਹਾਜ਼ਾਂ ਦੀ ਆਵਾਜਾਈ ਵਿਚ ਕੋਈ ਰੁਕਾਵਟ ਪਾਈ, ਤਾਂ ਈਰਾਨ ਦੇ ਸਭ ਤੋਂ ਵੱਡੇ ਤੇਲ ਨਿਰਯਾਤ ਕੇਂਦਰ ‘ਖਾਰਗ ਟਾਪੂ’ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ।
ਜ਼ਿਕਰਕਯੋਗ ਹੈ ਕਿ ਪਿਛਲੇ 2 ਹਫਤਿਆਂ ਤੋਂ ਜਾਰੀ ਇਸ ਭਿਆਨਕ ਜੰਗ ‘ਚ ਹੁਣ ਤੱਕ 1200 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਸੰਯੁਕਤ ਰਾਸ਼ਟਰ ਅਨੁਸਾਰ ਲਗਭਗ 32 ਲੱਖ ਲੋਕ ਵਿਸਥਾਪਿਤ ਹੋ ਚੁੱਕੇ ਹਨ। ਇਸ ਜੰਗ ਕਾਰਨ ਗਲੋਬਲ ਤੇਲ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ 40 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ।
ਸਟ੍ਰੇਟ ਆਫ ਹਰਮੁਜ਼ ਦੁਨੀਆਂ ਦਾ ਸਭ ਤੋਂ ਮਹੱਤਵਪੂਰਨ ਤੇਲ ਮਾਰਗ ਹੈ, ਜਿੱਥੋਂ ਦੁਨੀਆਂ ਦੇ ਕੁੱਲ ਤੇਲ ਦਾ 20 ਫੀਸਦੀ ਹਿੱਸਾ ਲੰਘਦਾ ਹੈ। ਈਰਾਨ ਵੱਲੋਂ ਤੇਲ ਟੈਂਕਰਾਂ ‘ਤੇ ਹਮਲੇ ਦੀ ਧਮਕੀ ਤੋਂ ਬਾਅਦ ਇਸ ਰਸਤੇ ਰਾਹੀਂ ਜਹਾਜ਼ਾਂ ਦੀ ਆਵਾਜਾਈ ਲਗਭਗ ਰੁੱਕ ਗਈ ਹੈ। ਅਮਰੀਕੀ ਰਾਸ਼ਟਰਪਤੀ ਅਨੁਸਾਰ, ਅਮਰੀਕੀ ਫੌਜ ਨੇ ਖਾਰਗ ਟਾਪੂ ਦੇ ਸਾਰੇ ਫੌਜੀ ਟਿਕਾਣਿਆਂ ਨੂੰ ਪਹਿਲਾਂ ਹੀ ਤਬਾਹ ਕਰ ਦਿੱਤਾ ਹੈ, ਪਰ ਹੁਣ ਉਨ੍ਹਾਂ ਦੀਆਂ ਤੇਲ ਸਹੂਲਤਾਂ ਵੀ ਨਿਸ਼ਾਨੇ ‘ਤੇ ਹਨ।
ਇਹ ਵੀ ਜ਼ਿਕਰਕਯੋਗ ਹੈ ਕਿ ਜੰਗ ਦੇ ਪਹਿਲੇ ਹੀ ਦਿਨ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਪੁੱਤਰ ਮੋਜਤਬਾ ਖਾਮੇਨੇਈ ਨੂੰ ਨਵਾਂ ਨੇਤਾ ਨਿਯੁਕਤ ਕੀਤਾ ਗਿਆ ਹੈ, ਪਰ ਉਨ੍ਹਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਹਨ।
ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿਚ 15,000 ਤੋਂ ਵੱਧ ਟਿਕਾਣਿਆਂ ‘ਤੇ ਹਮਲੇ ਕੀਤੇ ਹਨ।
ਈਰਾਨ ਨੇ ਜਵਾਬੀ ਕਾਰਵਾਈ ਵਿਚ ਘੱਟੋ-ਘੱਟ 10 ਦੇਸ਼ਾਂ ‘ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ। ਕਤਰ, ਸਾਊਦੀ ਅਰਬ ਅਤੇ ਤੁਰਕੀ ਨੇ ਵੀ ਕਈ ਡਰੋਨ ਅਤੇ ਮਿਜ਼ਾਈਲਾਂ ਨੂੰ ਰੋਕਣ ਦਾ ਦਾਅਵਾ ਕੀਤਾ ਹੈ।
ਅਮਰੀਕਾ ਨੇ ਜਪਾਨ ਤੋਂ ਆਪਣਾ ਵੱਡਾ ਨੌਸੈਨਿਕ ਬੇੜਾ ਯੂ.ਐੱਸ.ਐੱਸ. ਤ੍ਰਿਪੋਲੀ 2500 ਮਰੀਨ ਸੈਨਿਕਾਂ ਨਾਲ ਖੇਤਰ ‘ਚ ਭੇਜ ਦਿੱਤਾ ਹੈ। ਬਗਦਾਦ ‘ਚ ਅਮਰੀਕੀ ਦੂਤਾਵਾਸ ‘ਤੇ ਵੀ ਡਰੋਨ ਹਮਲਾ ਹੋਇਆ ਹੈ।
ਈਰਾਨ ‘ਚ ਅੰਦਰੂਨੀ ਸਥਿਤੀ ਵੀ ਕਾਫੀ ਖਰਾਬ ਹੈ, ਜਿੱਥੇ ਜੰਗ ਸ਼ੁਰੂ ਹੋਣ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬੰਦ ਹਨ ਤੇ ਰਿਵੋਲਿਊਸ਼ਨਰੀ ਗਾਰਡਜ਼ ਨੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਜੇਕਰ ਇਹ ਤੇਲ ਯੁੱਧ ਸ਼ੁਰੂ ਹੁੰਦਾ ਹੈ, ਤਾਂ ਇਸ ਦਾ ਅਸਰ ਸਿਰਫ਼ ਮੱਧ ਪੂਰਬ ਤੱਕ ਹੀ ਸੀਮਿਤ ਨਹੀਂ ਰਹੇਗਾ, ਸਗੋਂ ਪੂਰੀ ਦੁਨੀਆਂ ਦੀ ਆਰਥਿਕਤਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਈਰਾਨ ਵੱਲੋਂ ਟਰੰਪ ਨੂੰ ਅਮਰੀਕੀ ਤੇਲ ਡਿਪੂਆਂ ਨੂੰ ਸੁਆਹ ਕਰਨ ਦੀ ਚਿਤਾਵਨੀ

