ਵਾਸ਼ਿੰਗਟਨ, 14 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਵਿੱਚ ਸ਼ਾਸਨ ਤਬਦੀਲੀ ਤੋਂ ਵਧੀਆ ਕੁਝ ਨਹੀਂ ਹੋ ਸਕਦਾ। ਟਰੰਪ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ, ਜਦੋਂ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਲਗਾਤਾਰ ਵਧ ਰਿਹਾ ਹੈ ਅਤੇ ਅਮਰੀਕੀ ਪ੍ਰਸ਼ਾਸਨ ਈਰਾਨ ਵਿਰੁੱਧ ਫੌਜੀ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਟਰੰਪ ਨੇ ਇਹ ਟਿੱਪਣੀਆਂ ਉੱਤਰੀ ਕੈਰੋਲੀਨਾ ਦੇ ਫੋਰਟ ਬ੍ਰੈਗ ਵਿਖੇ ਫੌਜੀਆਂ ਨਾਲ ਮੁਲਾਕਾਤ ਤੋਂ ਥੋੜ੍ਹੀ ਦੇਰ ਬਾਅਦ ਕੀਤੀਆਂ ਅਤੇ ਦਿਨ ਦੇ ਸ਼ੁਰੂ ਵਿਚ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਹ ਈਰਾਨ ਵਿਰੁੱਧ ਸੰਭਾਵੀ ਫੌਜੀ ਕਾਰਵਾਈ ਲਈ ਪੱਛਮੀ ਏਸ਼ੀਆ ਵਿਚ ਦੂਜਾ ਜਹਾਜ਼ ਵਾਹਕ ਤਾਇਨਾਤ ਕਰ ਰਹੇ ਹਨ।
ਈਰਾਨ ਵਿਚ ਇਸਲਾਮੀ ਸ਼ਾਸਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ, ਟਰੰਪ ਨੇ ਕਿਹਾ, ”ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ। ਉਹ 47 ਸਾਲਾਂ ਤੋਂ ਗੱਲ ਕਰ ਰਹੇ ਹਨ।” ਟਰੰਪ ਨੇ ਪਹਿਲਾਂ ਕਿਹਾ ਸੀ ਕਿ ਦੁਨੀਆਂ ਦਾ ਸਭ ਤੋਂ ਵੱਡਾ ਜਹਾਜ਼ ਵਾਹਕ, ਯੂ.ਐੱਸ.ਐੱਸ. ਗੈਰਾਲਡ ਆਰ. ਫੋਰਡ, ਕੈਰੇਬੀਅਨ ਤੋਂ ਪੱਛਮੀ ਏਸ਼ੀਆ ਭੇਜਿਆ ਜਾ ਰਿਹਾ ਹੈ, ਜਿੱਥੇ ਅਮਰੀਕੀ ਜੰਗੀ ਜਹਾਜ਼ ਅਤੇ ਫੌਜੀ ਹਥਿਆਰ ਪਹਿਲਾਂ ਹੀ ਮੌਜੂਦ ਹਨ। ਇਹ ਤਾਇਨਾਤੀ ਟਰੰਪ ਦੇ ਇਸ਼ਾਰੇ ਤੋਂ ਕੁਝ ਦਿਨ ਬਾਅਦ ਆਈ ਹੈ ਕਿ ਈਰਾਨ ਨਾਲ ਗੱਲਬਾਤ ਦਾ ਇੱਕ ਹੋਰ ਦੌਰ ਜਲਦੀ ਹੀ ਆ ਸਕਦਾ ਹੈ, ਹਾਲਾਂਕਿ ਇਹ ਗੱਲਬਾਤ ਅਸਫਲ ਰਹੀ।
ਇਸ ਹਫ਼ਤੇ, ਤਹਿਰਾਨ ਦੇ ਇੱਕ ਉੱਚ ਸੁਰੱਖਿਆ ਅਧਿਕਾਰੀ ਨੇ ਓਮਾਨ ਅਤੇ ਕਤਰ ਦਾ ਦੌਰਾ ਕੀਤਾ ਅਤੇ ਉੱਥੇ ਅਮਰੀਕੀ ਵਿਚੋਲਿਆਂ ਨਾਲ ਗੱਲਬਾਤ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਦੂਜੇ ਜਹਾਜ਼ ਵਾਹਕ ਬਾਰੇ ਪੱਤਰਕਾਰਾਂ ਨੂੰ ਕਿਹਾ, ”ਜੇਕਰ ਅਸੀਂ ਕਿਸੇ ਸਮਝੌਤੇ ‘ਤੇ ਨਹੀਂ ਪਹੁੰਚ ਸਕਦੇ ਤਾਂ ਸਾਨੂੰ ਇਸਦੀ ਜ਼ਰੂਰਤ ਹੋਵੇਗੀ।” ਉਨ੍ਹਾਂ ਅੱਗੇ ਕਿਹਾ, ”ਇਹ ਬਹੁਤ ਜਲਦੀ ਰਵਾਨਾ ਹੋ ਜਾਵੇਗਾ।” ਅਰਬ ਦੇਸ਼ਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਹਮਲਾ ਖੇਤਰੀ ਟਕਰਾਅ ਨੂੰ ਜਨਮ ਦੇ ਸਕਦਾ ਹੈ, ਖਾਸ ਕਰਕੇ ਅਜਿਹੇ ਸਮੇਂ ਵਿਚ ਜਦੋਂ ਪੱਛਮੀ ਏਸ਼ੀਆ ਅਜੇ ਵੀ ਗਾਜ਼ਾ ਪੱਟੀ ਵਿਚ ਇਜ਼ਰਾਈਲ-ਹਮਾਸ ਯੁੱਧ ਦੇ ਪ੍ਰਭਾਵਾਂ ਤੋਂ ਉਭਰ ਰਿਹਾ ਹੈ। ਈਰਾਨ ਪਿਛਲੇ ਮਹੀਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ‘ਤੇ ਕੀਤੀ ਗਈ ਕਾਰਵਾਈ ਵਿਚ ਮਾਰੇ ਗਏ ਹਜ਼ਾਰਾਂ ਲੋਕਾਂ ਦੀ ਯਾਦ ਵਿਚ 40 ਦਿਨਾਂ ਦੇ ਸੋਗ ਦੀ ਮਿਆਦ ਸ਼ੁਰੂ ਕਰ ਰਿਹਾ ਹੈ।
ਈਰਾਨ ‘ਚ ਸ਼ਾਸਨ ਤਬਦੀਲੀ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ : ਟਰੰਪ

