ਬਰੈਂਪਟਨ (ਕੈਨੇਡਾ), 28 ਅਗਸਤ (ਪੰਜਾਬ ਮੇਲ)- ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ (ਰਕਬਾ, ਲੁਧਿਆਣਾ) ਵੱਲੋਂ ਪ੍ਰਕਾਸ਼ਿਤ ਕੀਤੀ ਗਈ ਪੁਸਤਕ ‘ਇਲਾਹੀ ਗਿਆਨ ਦਾ ਸਾਗਰ, ਸ੍ਰੀ ਗੁਰੂ ਗ੍ਰੰਥ ਸਾਹਿਬ’ ਕਾਫੀ ਚਰਚਾ ਵਿਚ ਹੈ। ਇਸ ਸੰਸਥਾ ਦੇ ਮੁਖੀ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਜੀ ਵੱਲੋਂ ਪੰਜਾਬ ਤੋਂ ਬਾਅਦ ਪਹਿਲਾਂ ਅਮਰੀਕਾ ਵਿਚ ਅਤੇ ਹੁਣ ਕੈਨੇਡਾ ਵਿਚ ਇਸ ਕਿਤਾਬ ਨੂੰ ਰਿਲੀਜ਼ ਕੀਤਾ ਗਿਆ ਹੈ। ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਬਰੈਂਪਟਨ ਵਿਖੇ ਕਰਵਾਈ ਗਈ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੌਰਾਨ ਇਹ ਕਿਤਾਬ ਰਿਲੀਜ਼ ਕੀਤੀ ਗਈ। ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਉਥੇ ਪਹੁੰਚੇ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਜਨਰਲ ਸਕੱਤਰ ਗੁਰਜਤਿੰਦਰ ਸਿੰਘ ਰੰਧਾਵਾ, ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ, ਡਾ. ਆਤਮਜੀਤ ਸਿੰਘ, ਤਾਹਿਰਾ ਸਰਾ, ਡਾ. ਸੁਰਿੰਦਰ ਕੰਵਲ ਨੇ ਭਰਵੇਂ ਸਮਾਗਮ ਦੌਰਾਨ ਇਸ ਕਿਤਾਬ ਨੂੰ ਰਿਲੀਜ਼ ਕੀਤਾ। ਇਸ ਮੌਕੇ ਬੋਲਦਿਆਂ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਜੀ ਨੇ ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ, ਸਿੱਖ ਗੁਰੂਆਂ ਅਤੇ ਭਗਤਾਂ ਦੀ ਜੀਵਨੀ ਬਾਰੇ ਚਾਨਣਾ ਪਾਇਆ ਹੈ। ਇਹ ਕਿਤਾਬ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਵਿਚ ਵੀ ਛਾਪੀ ਗਈ ਹੈ, ਤਾਂਕਿ ਦੇਸ਼ਾਂ-ਵਿਦੇਸ਼ਾਂ ਵਿਚ ਸਿੱਖ ਧਰਮ ਦਾ ਪ੍ਰਚਾਰ ਹੋ ਸਕੇ। ਇਸ ਮੌਕੇ ਡਾ. ਦਲਬੀਰ ਸਿੰਘ ਕਥੂਰੀਆ ਨੇ ਕ੍ਰਿਸ਼ਨ ਕੁਮਾਰ ਬਾਵਾ ਜੀ ਦੇ ਇਸ ਉਪਰਾਲੇ ਲਈ ਸਰਾਹਣਾ ਕੀਤੀ। ਡਾ. ਆਤਮਜੀਤ ਸਿੰਘ ਨੇ ਕਿਹਾ ਕਿ ਅਜਿਹੇ ਕਾਰਜਾਂ ਨਾਲ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਸਿੱਖ ਧਰਮ ਨਾਲ ਜੋੜਨ ਵਿਚ ਸਹਾਈ ਹੋਵਾਂਗੇ।