ਲੰਡਨ/ਦੁਬਈ, 4 ਮਾਰਚ (ਪੰਜਾਬ ਮੇਲ)- ਮੱਧ-ਪੂਰਬ ‘ਚ ਜਾਰੀ ਜੰਗੀ ਤਣਾਅ ਦਰਮਿਆਨ ਇਰਾਨ ਨੇ ਹੁਣ ਐਮਾਜ਼ਾਨ ਨੂੰ ਨਿਸ਼ਾਨਾ ਬਣਾਇਆ ਹੈ। ਇਰਾਨ ਦੇ ਡਰੋਨ ਹਮਲਿਆਂ ਕਾਰਨ ਪੱਛਮੀ ਏਸ਼ੀਆ ‘ਚ ਸਥਿਤ ਤਕਨੀਕੀ ਖੇਤਰ ਦੀ ਦਿੱਗਜ ਕੰਪਨੀ ਐਮਾਜ਼ਾਨ ਵੈੱਬ ਸਰਵਿਸਿਜ਼ (ਏ.ਡਬਲਯੂ.ਐੱਸ.) ਦੇ ਤਿੰਨ ਡੇਟਾ ਸੈਂਟਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਕੰਪਨੀ ਦੇ ਕਲਾਊਡ ਕੰਪਿਊਟਿੰਗ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਸਥਿਤ ਦੋ ਡੇਟਾ ਸੈਂਟਰਾਂ ‘ਤੇ ਡਰੋਨਾਂ ਰਾਹੀਂ ਸਿੱਧਾ ਹਮਲਾ ਕੀਤਾ ਗਿਆ। ਇਸ ਦੇ ਨਾਲ ਹੀ ਬਹਿਰੀਨ ਵਿਚ ਸਥਿਤ ਇੱਕ ਹੋਰ ਕੇਂਦਰ ਵੀ ਡਰੋਨ ਦੇ ਟਕਰਾਉਣ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਏ.ਡਬਲਯੂ.ਐੱਸ. ਨੇ ਆਪਣੇ ਆਨਲਾਈਨ ਡੈਸ਼ਬੋਰਡ ‘ਤੇ ਦੱਸਿਆ ਕਿ ਇਨ੍ਹਾਂ ਹਮਲਿਆਂ ਕਾਰਨ ਡੇਟਾ ਸੈਂਟਰਾਂ ਦੇ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਬਿਜਲੀ ਦੀ ਸਪਲਾਈ ਠੱਪ ਹੋ ਗਈ ਹੈ।
ਹਮਲੇ ਇੰਨੇ ਭਿਆਨਕ ਸਨ ਕਿ ਕੁਝ ਕੇਂਦਰਾਂ ਵਿਚ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ ਭਾਰੀ ਜੱਦੋ-ਜਹਿਦ ਕਰਨੀ ਪਈ। ਕੰਪਨੀ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਤੱਕ ਯੂ.ਏ.ਈ. ਦੇ ਪ੍ਰਭਾਵਿਤ ਕੇਂਦਰਾਂ ਵਿਚ ਮੁੜ ਨਿਰਮਾਣ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਇਸ ਵਿਚ ਤੇਜ਼ੀ ਨਾਲ ਪ੍ਰਗਤੀ ਹੋ ਰਹੀ ਹੈ। ਇਨ੍ਹਾਂ ਹਮਲਿਆਂ ਕਾਰਨ ਖੇਤਰ ਵਿਚ ਡਿਜੀਟਲ ਸੇਵਾਵਾਂ ‘ਤੇ ਵੀ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਰਾਨ ਵੱਲੋਂ ਯੂ.ਏ.ਈ. ਅਤੇ ਬਹਿਰੀਨ ‘ਚ ਐਮਾਜ਼ਾਨ ਦੇ 3 ਡੇਟਾ ਸੈਂਟਰ ਤਬਾਹ
