ਇਜ਼ਰਾਈਲ ਦੇ ਬਦਲਾ ਲੈਣ ‘ਤੇ ਇਰਾਨ ਵੱਲੋਂ ਮੁੜ ਵੱਡੇ ਹਮਲੇ ਦੀ ਧਮਕੀ
ਯੇਰੂਸ਼ਲਮ, 15 ਅਪ੍ਰੈਲ (ਪੰਜਾਬ ਮੇਲ)- ਇਜ਼ਰਾਈਲ ਵੱਲੋਂ ਸੀਰੀਆ ‘ਚ ਇਰਾਨੀ ਦੂਤਘਰ ‘ਤੇ ਕੀਤੇ ਗਏ ਹਮਲੇ ਦਾ ਬਦਲਾ ਲੈਣ ਲਈ ਇਰਾਨ ਨੇ ਇਜ਼ਰਾਈਲ ‘ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਸ ਉੱਤੇ ਸੈਂਕੜੇ ਡਰੋਨ, ਬੈਲਿਸਟਿਕ ਮਿਜ਼ਾਈਲਾਂ ਅਤੇ ਕਰੂਜ਼ ਮਿਜ਼ਾਈਲਾਂ ਦਾਗ਼ੀਆਂ। ਫ਼ੌਜ ਦੇ ਇੱਕ ਤਰਜਮਾਨ ਨੇ ਦੱਸਿਆ ਕਿ 300 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਇਜ਼ਰਾਈਲ ਵੱਲ ਦਾਗ਼ੀਆਂ ਗਈਆਂ, ਜਿਨ੍ਹਾਂ ਵਿਚੋਂ 99 ਫ਼ੀਸਦੀ ਹਵਾ ਵਿਚ ਹੀ ਨਸ਼ਟ ਕਰ ਦਿੱਤੀਆਂ ਗਈਆਂ। ਇਰਾਨ ਨੇ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਹਮਲੇ ਦਾ ਜਵਾਬ ਦੇਣ ਦੀ ਹਿਮਾਕਤ ਕੀਤੀ, ਤਾਂ ਹੋਰ ਵੱਡਾ ਹਮਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਵਾਸ਼ਿੰਗਟਨ ਨੇ ਇਰਾਨ ਖ਼ਿਲਾਫ਼ ਇਜ਼ਰਾਇਲੀ ਫ਼ੌਜ ਦੀ ਕਿਸੇ ਵੀ ਕਾਰਵਾਈ ਨੂੰ ਹਮਾਇਤ ਦਿੱਤੀ, ਤਾਂ ਅਮਰੀਕੀ ਅੱਡਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ। ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਰਿਵੋਲੂਸ਼ਨਰੀ ਗਾਰਡ ਦੇ ਹਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਯਹੂਦੀ ਹਕੂਮਤ ਨੂੰ ਸਬਕ ਸਿਖਾਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਇਰਾਨ ਵੱਲੋਂ ਵੱਡਾ ਹਮਲਾ ਕੀਤਾ ਜਾਵੇਗਾ। ਇਰਾਨੀ ਫ਼ੌਜ ਦੇ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਮੁਹੰਮਦ ਬਗ਼ੇਰੀ ਨੇ ਦਾਅਵਾ ਕੀਤਾ ਕਿ ਦੋ ਇਜ਼ਰਾਇਲੀ ਫ਼ੌਜੀ ਅੱਡਿਆਂ ਨੂੰ ਉਨ੍ਹਾਂ ਦੀ ਫ਼ੌਜ ਨੇ ਸਫ਼ਲਤਾਪੂਰਬਕ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਹੁਣ ਅਪਰੇਸ਼ਨ ਖ਼ਤਮ ਹੋ ਗਿਆ ਹੈ ਅਤੇ ਇਰਾਨ ਦਾ ਹਮਲੇ ਜਾਰੀ ਰੱਖਣ ਦਾ ਕੋਈ ਇਰਾਦਾ ਨਹੀਂ ਹੈ ਪਰ ਜੇਕਰ ਅਮਰੀਕਾ ਨੇ ਇਜ਼ਰਾਈਲ ਅਤੇ ਹੋਰਾਂ ਨਾਲ ਮਿਲ ਕੇ ਕੋਈ ਹਿਮਾਕਤ ਕੀਤੀ, ਤਾਂ ਉਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੀਰੀਆ ਵਿਚ ਪਹਿਲੀ ਅਪ੍ਰੈਲ ਨੂੰ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ਵਿਚ ਇਰਾਨੀ ਸਫ਼ਾਰਤਖਾਨੇ ਵਿਚ ਉਸ ਦੇ ਇਕ ਚੋਟੀ ਦੇ ਜਨਰਲ ਸਣੇ ਸੱਤ ਰਿਵੋਲੂਸ਼ਨਰੀ ਗਾਰਡ ਦੇ ਅਧਿਕਾਰੀ ਮਾਰੇ ਜਾਣ ਮਗਰੋਂ ਇਰਾਨ ਨੇ ਬਦਲਾ ਲੈਣ ਦੀ ਸਹੁੰ ਖਾਧੀ ਸੀ। ਇਰਾਨ ਦੇ ਇਸ ਹਮਲੇ ਨੇ ਪੱਛਮੀ ਏਸ਼ੀਆ ਨੂੰ ਜੰਗ ਵੱਲ ਧੱਕ ਦਿੱਤਾ ਹੈ। ਅਮਰੀਕਾ, ਫਰਾਂਸ, ਬਰਤਾਨੀਆ ਅਤੇ ਜਾਰਡਨ ਨੇ ਇਰਾਨ ਵੱਲੋਂ ਦਾਗ਼ੀਆਂ ਮਿਜ਼ਾਈਲਾਂ ਅਤੇ ਡਰੋਨ ਫੁੰਡਣ ‘ਚ ਇਜ਼ਰਾਈਲ ਦੀ ਸਹਾਇਤਾ ਕੀਤੀ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਉਨ੍ਹਾਂ ਹਮਲੇ ਨੂੰ ਠੱਲ੍ਹ ਦਿੱਤਾ ਹੈ ਅਤੇ ਅਸੀਂ ਸਾਰੇ ਇਕੱਠੇ ਜਿੱਤਾਂਗੇ। ਉਧਰ ਹਮਾਸ ਨੇ ਇਰਾਨ ਦੇ ਹਮਲੇ ਨੂੰ ‘ਕੁਦਰਤੀ ਹੱਕ’ ਕਰਾਰ ਦਿੱਤਾ ਹੈ। ਹਮਲੇ ਮਗਰੋਂ ਇਜ਼ਰਾਈਲ ਵਿਚ ਹਰ ਪਾਸੇ ਸਾਇਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਇਜ਼ਰਾਇਲੀ ਫ਼ੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਇਰਾਨ ਨੇ 170 ਡਰੋਨ, 30 ਤੋਂ ਵਧ ਕਰੂਜ਼ ਮਿਜ਼ਾਈਲਾਂ ਅਤੇ 120 ਤੋਂ ਵਧ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ ਸਨ।