#INDIA

ਇਰਾਨ ਤੇ ਅਮਰੀਕਾ ਵਿਚਾਲੇ ਜੰਗ ਦੇ ਮਾਹੌਲ ਦਰਮਿਆਨ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ

ਨਵੀਂ ਦਿੱਲੀ, 24 ਫਰਵਰੀ (ਪੰਜਾਬ ਮੇਲ)- ਇਰਾਨ ਅਤੇ ਅਮਰੀਕਾ ਵਿਚਾਲੇ ਜੰਗ ਦੇ ਬੱਦਲ ਲਗਾਤਾਰ ਗੂੜ੍ਹੇ ਹੁੰਦੇ ਜਾ ਰਹੇ ਹਨ। ਇਸੇ ਟਕਰਾਅ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਭਾਰਤੀ ਨਾਗਰਿਕਾਂ ਲਈ ਇੱਕ ਤਾਜ਼ਾ ਅਤੇ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਨੇ ਇਰਾਨ ਵਿਚ ਰਹਿ ਰਹੇ ਆਪਣੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ, ਉਪਲਬਧ ਹਵਾਈ ਜਾਂ ਹੋਰ ਸਾਧਨਾਂ ਰਾਹੀਂ ਇਰਾਨ ਛੱਡ ਕੇ ਸੁਰੱਖਿਅਤ ਸਥਾਨਾਂ ‘ਤੇ ਚਲੇ ਜਾਣ ਜਾਂ ਭਾਰਤ ਵਾਪਸ ਪਰਤ ਆਉਣ।
ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਰਾਨ ਵਿਚ ਸਥਿਤੀ ਬਹੁਤ ਨਾਜ਼ੁਕ ਹੋ ਸਕਦੀ ਹੈ, ਇਸ ਲਈ ਭਾਰਤੀ ਨਾਗਰਿਕਾਂ ਨੂੰ ਉਡੀਕ ਕਰਨ ਦੀ ਬਜਾਏ ਤੁਰੰਤ ਉੱਥੋਂ ਨਿਕਲ ਜਾਣਾ ਚਾਹੀਦਾ ਹੈ। ਭਾਰਤੀ ਨਾਗਰਿਕਾਂ ਨੂੰ ਅਗਲੇ ਹੁਕਮਾਂ ਤੱਕ ਇਰਾਨ ਦੀ ਕਿਸੇ ਵੀ ਤਰ੍ਹਾਂ ਦੀ ਯਾਤਰਾ ਨਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ।
ਐਡਵਾਈਜ਼ਰੀ ‘ਚ ਅੱਗੇ ਕਿਹਾ ਗਿਆ ਹੈ ਕਿ ਜਿਹੜੇ ਭਾਰਤੀ ਇਸ ਸਮੇਂ ਇਰਾਨ ਵਿਚ ਹਨ ਅਤੇ ਕਿਸੇ ਕਾਰਨ ਤੁਰੰਤ ਨਹੀਂ ਨਿਕਲ ਸਕਦੇ, ਉਨ੍ਹਾਂ ਨੂੰ ਤਹਿਰਾਨ ਸਥਿਤ ਭਾਰਤੀ ਦੂਤਾਵਾਸ ਨਾਲ ਤੁਰੰਤ ਸੰਪਰਕ ਕਰਨ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ, ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਇਰਾਨ ਅਤੇ ਅਮਰੀਕਾ ਦੇ ਵਿਚਕਾਰ ਵਧਦੀ ਫੌਜੀ ਹਲਚਲ ਅਤੇ ਖੇਤਰੀ ਅਸਥਿਰਤਾ ਕਾਰਨ ਜੰਗ ਵਰਗੇ ਹਾਲਾਤ ਬਣ ਰਹੇ ਹਨ, ਜਿਸ ਨਾਲ ਹਵਾਈ ਰਸਤੇ ਪ੍ਰਭਾਵਿਤ ਹੋ ਸਕਦੇ ਹਨ। ਦੋਵਾਂ ਦੇਸ਼ਾਂ ਦੇ ਆਗੂ ਇਕ-ਦੂਜੇ ‘ਤੇ ਕਾਰਵਾਈ ਦੀਆਂ ਧਮਕੀਆਂ ਤੇ ਚਿਤਾਵਨੀਆਂ ਤਾਂ ਦਿੰਦੇ ਰਹੇ ਹਨ, ਹੁਣ ਦੇਖਣਾ ਇਹ ਹੋਵੇਗਾ ਕਿ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਹੁੰਦੀ ਹੈ ਜਾਂ ਜੰਗ ਦਾ ਖ਼ਤਰਾ ਹੋਰ ਵਧੇਗਾ।