#OTHERS

ਇਰਾਕ ‘ਚ ਰਹਿ ਰਹੇ ਅਮਰੀਕੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ

-ਤੁਰੰਤ ਇਰਾਕ ਛੱਡਣ ਦੀ ਕੀਤੀ ਅਪੀਲ
ਬਗਦਾਦ, 25 ਮਾਰਚ (ਪੰਜਾਬ ਮੇਲ)- ਮੱਧ ਪੂਰਬ ‘ਚ ਵਧਦੇ ਤਣਾਅ ਵਿਚਕਾਰ ਅਮਰੀਕਾ ਨੇ ਇੱਕ ਵੱਡਾ ਕਦਮ ਚੁੱਕਦੇ ਹੋਏ ਇਰਾਕ ਵਿਚ ਰਹਿ ਰਹੇ ਆਪਣੇ ਸਾਰੇ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਅਪੀਲ ਕੀਤੀ ਹੈ। ਬਗਦਾਦ ਸਥਿਤ ਅਮਰੀਕੀ ਦੂਤਾਵਾਸ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਐਡਵਾਈਜ਼ਰੀ ਵਿਚ ਈਰਾਨ ਸਮਰਥਿਤ ਅੱਤਵਾਦੀ ਸਮੂਹਾਂ ਵੱਲੋਂ ਵਧਦੇ ਖ਼ਤਰਿਆਂ ਅਤੇ ਜਨਤਕ ਸੁਰੱਖਿਆ ਨੂੰ ਦਰਪੇਸ਼ ਗੰਭੀਰ ਜ਼ੋਖਮਾਂ ਦਾ ਹਵਾਲਾ ਦਿੱਤਾ ਗਿਆ ਹੈ।
ਅਮਰੀਕੀ ਦੂਤਾਵਾਸ ਅਨੁਸਾਰ ਈਰਾਨ ਸਮਰਥਿਤ ਸਮੂਹਾਂ ਨੇ ਇਰਾਕ ਦੇ ਕੁਰਦਿਸਤਾਨ ਖੇਤਰ ਸਮੇਤ ਪੂਰੇ ਦੇਸ਼ ਵਿਚ ਅਮਰੀਕੀ ਨਾਗਰਿਕਾਂ ਅਤੇ ਹਿੱਤਾਂ ਨੂੰ ਨਿਸ਼ਾਨਾ ਬਣਾ ਕੇ ਵਿਆਪਕ ਹਮਲੇ ਕੀਤੇ ਹਨ। ਇਰਾਕੀ ਹਵਾਈ ਖੇਤਰ ਵਿਚ ਲਗਾਤਾਰ ਮਿਜ਼ਾਈਲ, ਡਰੋਨ ਅਤੇ ਰਾਕੇਟ ਹਮਲਿਆਂ ਦੇ ਖ਼ਤਰੇ ਕਾਰਨ ਨਾਗਰਿਕਾਂ ਨੂੰ ਬਗਦਾਦ ਅਤੇ ਇਰਬਿਲ ਵਿਚ ਸਥਿਤ ਦੂਤਾਵਾਸ ਦੇ ਕੰਪਲੈਕਸਾਂ ਦੇ ਨੇੜੇ ਨਾ ਜਾਣ ਦੀ ਸਖ਼ਤ ਚੇਤਾਵਨੀ ਦਿੱਤੀ ਗਈ ਹੈ।
ਅਮਰੀਕਾ ਨੇ ਇਰਾਕ ਲਈ ਆਪਣੀ ‘ਯਾਤਰਾ ਨਾ ਕਰੋ’ (ਲੈਵਲ 4) ਸਬੰਧੀ ਚੇਤਾਵਨੀ ਨੂੰ ਦੁਹਰਾਉਂਦਿਆਂ ਸਪੱਸ਼ਟ ਕਿਹਾ ਹੈ ਕਿ ਕਿਸੇ ਵੀ ਕਾਰਨ ਕਰਕੇ ਇਰਾਕ ਦੀ ਯਾਤਰਾ ਨਾ ਕੀਤੀ ਜਾਵੇ ਅਤੇ ਜੇਕਰ ਕੋਈ ਉੱਥੇ ਮੌਜੂਦ ਹੈ, ਤਾਂ ਉਹ ਤੁਰੰਤ ਬਾਹਰ ਨਿਕਲ ਜਾਵੇ। ਅਧਿਕਾਰੀਆਂ ਨੂੰ ਚਿੰਤਾ ਹੈ ਕਿ ਅੱਤਵਾਦੀ ਸਮੂਹ ਅਮਰੀਕੀ ਨਾਗਰਿਕਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹਨ।
ਇਸ ਸਮੇਂ ਇਰਾਕ ਦਾ ਹਵਾਈ ਖੇਤਰ ਪੂਰੀ ਤਰ੍ਹਾਂ ਬੰਦ ਹੈ ਅਤੇ ਸਾਰੀਆਂ ਵਪਾਰਕ ਉਡਾਣਾਂ ਮੁਅੱਤਲ ਹਨ। ਅਮਰੀਕੀ ਦੂਤਾਵਾਸ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਜਾਰਡਨ, ਕੁਵੈਤ, ਸਾਊਦੀ ਅਰਬ ਅਤੇ ਤੁਰਕੀ ਵਰਗੇ ਗੁਆਂਢੀ ਦੇਸ਼ਾਂ ਦੇ ਜ਼ਮੀਨੀ ਰਸਤਿਆਂ ਰਾਹੀਂ ਬਾਹਰ ਨਿਕਲਣ। ਹਾਲਾਂਕਿ, ਇਨ੍ਹਾਂ ਰਸਤਿਆਂ ‘ਤੇ ਭਾਰੀ ਭੀੜ, ਉੱਚੇ ਕਿਰਾਏ ਅਤੇ ਲੰਬੀ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਿਪੋਰਟਾਂ ਅਨੁਸਾਰ, ਅੱਤਵਾਦੀ ਸਮੂਹਾਂ ਨੇ ਨਾ ਸਿਰਫ਼ ਡਿਪਲੋਮੈਟਿਕ ਮਿਸ਼ਨਾਂ, ਸਗੋਂ ਕਾਰੋਬਾਰਾਂ, ਊਰਜਾ ਬੁਨਿਆਦੀ ਢਾਂਚੇ ਅਤੇ ਉਨ੍ਹਾਂ ਹੋਟਲਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ, ਜਿੱਥੇ ਅਕਸਰ ਵਿਦੇਸ਼ੀ ਨਾਗਰਿਕ ਰੁਕਦੇ ਹਨ। ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਲੋੜ ਅਨੁਸਾਰ ਹੋਰ ਅਪਡੇਟ ਜਾਰੀ ਕੀਤੇ ਜਾਣਗੇ।