#OTHERS

ਇਮਰਾਨ ਖ਼ਿਲਾਫ਼ ਅੱਤਵਾਦ ਦਾ ਨਵਾਂ ਕੇਸ ਦਰਜ

ਇਸਲਾਮਾਬਾਦ, 1 ਅਕਤੂਬਰ (ਪੰਜਾਬ ਮੇਲ)- ਰਾਵਲਪਿੰਡੀ ਦੇ ਲਿਆਕਤ ਬਾਗ ਇਲਾਕੇ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਦੇ ਸੱਦੇ ‘ਤੇ ਕੀਤੇ ਪ੍ਰਦਰਸ਼ਨ ਮਗਰੋਂ ਪੰਜਾਬ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਸ਼ਨਿੱਚਰਵਾਰ ਨੂੰ ਤਿੰਨ ਨਵੇਂ ਮਾਮਲੇ ਦਰਜ ਕੀਤੇ ਹਨ। ਸਾਬਕਾ ਪ੍ਰਧਾਨ ਮੰਤਰੀ ਪਹਿਲਾਂ ਹੀ ਜੇਲ੍ਹ ਵਿਚ ਬੰਦ ਹਨ। ਐਕਸਪ੍ਰੈੱਸ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਅਨੁਸਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸੰਸਥਾਪਕ ‘ਤੇ ਐਤਵਾਰ ਨੂੰ ਖੈਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਅਤੇ ਪਾਰਟੀ ਪ੍ਰਧਾਨ ਬੈਰਿਸਟਰ ਗੌਹਰ ਖ਼ਾਨ ਨਾਲ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ। ਰਾਵਲਪਿੰਡੀ ਦੇ ਨਿਊ ਟਾਊਨ ਅਤੇ ਸਿਵਲ ਲਾਈਨਜ਼ ਪੁਲਿਸ ਥਾਣੇ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਵਿਚ ਹੱਤਿਆ ਦੀ ਕੋਸ਼ਿਸ਼, ਧਾਰਾ 144 ਦੀ ਉਲੰਘਣਾ ਅਤੇ ਹੋਰ ਅੱਤਵਾਦ ਨਾਲ ਸਬੰਧਿਤ ਅਪਰਾਧਾਂ ਦੇ ਦੋਸ਼ ਵੀ ਸ਼ਾਮਲ ਹਨ। ਦੋਸ਼ਾਂ ਅਨੁਸਾਰ ਇੱਕ ਸਾਲ ਤੋਂ ਵੱਧ ਸਮੇਂ ਤੋਂ ਅਦਿਆਲਾ ਜੇਲ੍ਹ ਵਿਚ ਬੰਦ ਇਮਰਾਨ ਖ਼ਾਨ (71) ਨੇ ਆਪਣੇ ਸਮਰਥਕਾਂ ਨੂੰ ਕੌਮੀ ਸੰਸਥਾਵਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਉਕਸਾਇਆ ਅਤੇ ਜੇਲ੍ਹ ਤੋਂ ਨਿਰਦੇਸ਼ ਜਾਰੀ ਕੀਤੇ। ਪੰਜਾਬ ਸਰਕਾਰ ਨੇ ਵੀ ਇਮਰਾਨ ਖ਼ਾਨ ਅਤੇ ਉਸ ਦੇ ਸਮਰਥਕਾਂ ਖ਼ਿਲਾਫ਼ ਦੋਸ਼ ਲਗਾਏ ਹਨ ਕਿ ਉਨ੍ਹਾਂ ਕੌਮੀ ਸੰਸਥਾਵਾਂ ਦੀ ਭੰਨ-ਤੋੜ ਕੀਤੀ ਅਤੇ ਪੱਥਰਬਾਜ਼ੀ ਸਣੇ ਹਿੰਸਾ ਭਖ਼ਾਈ।
ਇਮਰਾਨ ਖ਼ਾਨ ਦੇ ਸਮਰਥਕਾਂ ਦੀ ਸ਼ਨਿੱਚਰਵਾਰ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਤੌਰ ‘ਤੇ ਪੁਲਿਸ ਨਾਲ ਝੜਪ ਹੋਈ ਸੀ। ਪੀ.ਟੀ.ਆਈ. ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿਚ ਪ੍ਰਦਰਸ਼ਨਕਾਰੀ ਪੁਲਿਸ ‘ਤੇ ਪੱਥਰਾਂ ਅਤੇ ਇੱਟਾਂ ਨਾਲ ਹਮਲਾ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਇਮਰਾਨ ਖ਼ਾਨ ਨੇ ਸ਼ਾਂਤੀਪੂਰਨ ਵਿਰੋਧ ਦਾ ਸੱਦਾ ਦਿੱਤਾ ਸੀ। ਝੜਪ ਮਗਰੋਂ ਕਿਸੇ ਵੀ ਨੁਕਸਾਨ ਤੋਂ ਬਚਣ ਲਈ ਪਾਰਟੀ ਨੇ ਵਿਰੋਧ ਪ੍ਰਦਰਸ਼ਨ ਵਾਪਸ ਲੈ ਲਿਆ।