#EUROPE

ਇਟਲੀ ਦਾ ‘ਪਾਸਪੋਰਟ’ ਦੁਨੀਆਂ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ Passport ਬਣਿਆ

ਰੋਮ, 12 ਫਰਵਰੀ (ਪੰਜਾਬ ਮੇਲ)- ਇਟਲੀ ਦਾ ਪਾਸਪੋਰਟ ਦੁਨੀਆਂ ਭਰ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟਾਂ ਵਿਚ ਪਹਿਲੇ ਨੰਬਰ ਦਾ ਪਾਸਪੋਰਟ ਬਣ ਗਿਆ ਹੈ। ਇਹ ਕਾਮਯਾਬੀ ਇਟਲੀ ਨੂੰ 18 ਸਾਲਾਂ ਦੇ ਲਗਾਤਾਰ ਹੋ ਰਹੇ ਸਰਵੇ ਤੋਂ ਬਾਅਦ ਮਿਲੀ ਹੈ। ਇਟਲੀ ਦੇ ਪਾਸਪੋਰਟ ਨੂੰ ਦੁਨੀਆਂ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟ ਬਣਾਉਣ ਲਈ ਹੈਨਲੀ ਪਾਸਪੋਰਟ ਇੰਡੈਕਸ ਨੇ ਗਲੋਬਲ ਰੈਕਿੰਗ ਕੀਤੀ ਹੈ, ਜਿਹੜੀ ਕਿ ਸੰਨ 2006 ਤੋਂ ਦੁਨੀਆਂ ਦੇ 199 ਦੇਸ਼ਾਂ ਦੇ ਪਾਸਪੋਰਟਾਂ ਦੀ ਰੈਕਿੰਗ ਕਰ ਰਹੀ ਹੈ। ਪਹਿਲਾਂ ਇਸ ਦਾ ਨਾਮ ਹੈਨਲੇ ਐਂਡ ਪਾਰਟਨਰਜ਼ ਵੀਜਾ ਰੇਸਟ੍ਰੀਕਸ਼ਨ ਇੰਡੈਕਸ ਸੀ, ਜਿਸ ਨੂੰ ਬਦਲ ਕੇ ਸੰਨ 2018 ਵਿਚ ਹੈਨਲੀ ਪਾਸਪੋਰਟ ਇੰਡੈਕਸ ਕਰ ਦਿੱਤਾ ਗਿਆ।
ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਜਿਨ੍ਹਾਂ ਨੂੰ ਦੁਨੀਆਂ ਦੇ 194 ਦੇਸ਼ਾਂ ਵਿਚ ਬਿਨ੍ਹਾਂ ਵੀਜ਼ਾ ਦਾਖਲ ਹੋਣ ਦੀ ਇਜ਼ਾਜਤ ਹੈ। ਹੈਨਲੀ ਪਾਸਪੋਰਟ ਇੰਡੈਕਸ ਨੇ ਗਲੋਬਲ ਰੈਕਿੰਗ ਦੁਆਰਾ ਪਹਿਲਾਂ ਸਿੰਗਾਪੁਰ ਅਤੇ ਜਾਪਾਨ ਦੇਸ਼ਾਂ ਦੇ ਪਾਸਪੋਰਟ ਨੂੰ ਸੰਨ 2023 ਵਿਚ ਦੁਨੀਆਂ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟਾਂ ਵਿਚ ਪਹਿਲੇ ਨੰਬਰ ਦਾ ਰੁਤਬਾ ਦਿੱਤਾ ਸੀ, ਜਿਹੜੇ ਕਿ 192 ਦੇਸ਼ਾਂ ਵਿਚ ਬਿਨ੍ਹਾਂ ਵੀਜ਼ਾ ਜਾ ਸਕਦੇ ਸਨ। ਉਸ ਤੋਂ ਬਾਅਦ ਦੂਜੇ ਨੰਬਰ ਵਿਚ ਜਰਮਨ, ਇਟਲੀ ਆਦਿ ਸਨ, ਜਿਹੜੇ ਕਿ 190 ਦੇਸ਼ਾਂ ਵਿਚ ਬਿਨ੍ਹਾਂ ਵੀਜ਼ਾ ਜਾ ਸਕਦੇ ਸਨ। ਹੁਣ ਸੰਨ 2024 ਦੀ ਹੈਨਲੀ ਪਾਸਪੋਰਟ ਇੰਡੈਕਸ ਦੀ ਗਲੋਬਲ ਰੈਕਿੰਗ ਦੀ ਨਵੀਂ ਸੂਚੀ ਅਨੁਸਾਰ ਇਟਲੀ, ਜਰਮਨ, ਸਪੇਨ, ਜਰਮਨ, ਫਰਾਂਸ ਤੇ ਸਿੰਗਾਪੁਰ ਦੁਨੀਆਂ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟ ਐਲਾਨੇ ਗਏ ਹਨ, ਜਿਹੜੇ ਕਿ 194 ਦੇਸ਼ਾਂ ਵਿਚ ਬਿਨ੍ਹਾਂ ਵੀਜ਼ਾ ਜਾ ਸਕਦੇ ਹਨ।
ਇਸ ਰੈਕਿੰਗ ਅਨੁਸਾਰ ਦੂਜੇ ਨੰਬਰ ‘ਤੇ ਫਿਨਲੈਂਡ, ਸਾਊਥ ਕੋਰੀਆ, ਸਵੀਡਨ; ਤੀਜੇ ਨੰਬਰ ‘ਤੇ ਆਸਟਰੀਆ, ਡੈਨਮਾਰਕ, ਆਇਰਲੈਂਡ ਤੇ ਨਿਦਰਲੈਂਡ ਐਲਾਨੇ ਗਏ ਹਨ। ਇਸ ਤੋਂ ਇਲਾਵਾ ਇੰਗਲੈਂਡ ਦਾ ਨੰਬਰ 4 ਤੇ ਕੈਨੇਡਾ, ਅਮਰੀਕਾ ਦਾ 7ਵਾਂ ਹੈ। ਜਦੋਂਕਿ ਭਾਰਤ ਇਸ ਦੌੜ ਵਿਚ 80ਵੇਂ ਨੰਬਰ ‘ਤੇ ਹੈ, ਜਿਸ ਨੂੰ 62 ਦੇਸ਼ਾਂ ਵਿਚ ਬਿਨ੍ਹਾਂ ਵੀਜ਼ਾ ਜਾਣ ਦੀ ਇਜ਼ਾਜਤ ਹੈ ਤੇ ਪਾਕਿਸਤਾਨੀ ਪਾਸਪੋਰਟ 101 ਨੰਬਰ ‘ਤੇ ਹੈ, ਜਿਸ ਨੂੰ ਸਿਰਫ਼ 34 ਦੇਸ਼ਾਂ ਵਿਚ ਬਿਨ੍ਹਾਂ ਵੀਜ਼ਾ ਜਾਣ ਦੀ ਇਜ਼ਾਜ਼ਤ ਹੈ। ਸਭ ਤੋਂ ਅਖੀਰਲਾ ਨੰਬਰ ਅਫ਼ਗਾਨਿਸਤਾਨ ਦਾ ਹੈ, ਜਿਹੜਾ ਕਿ 104 ਨੰਬਰ ‘ਤੇ ਹੈ।