ਯੇਰੂਸ਼ਲਮ, 14 ਜੂਨ (ਪੰਜਾਬ ਮੇਲ)- ਇਜ਼ਰਾਇਲੀ ਫੌਜ ਨੇ ਜੰਮੂ-ਕਸ਼ਮੀਰ ਨੂੰ ਪਾਕਿਸਤਾਨ ਦੇ ਹਿੱਸੇ ਵਜੋਂ ਦਰਸਾਉਂਦਾ ਗਲਤ ਨਕਸ਼ਾ ਪੋਸਟ ਕਰਨ ਲਈ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਸਬੰਧਤ ਨਕਸ਼ਾ ”ਸੀਮਾਵਾਂ ਨੂੰ ਸਹੀ ਢੰਗ ਨਾਲ ਦਰਸਾਉਣ ਵਿਚ ਅਸਫਲ ਰਿਹਾ।”
ਇਜ਼ਰਾਇਲੀ ਫੌਜ ਵੱਲੋਂ ਨਕਸ਼ਾ ਪੋਸਟ ਕੀਤੇ ਜਾਣ ਤੋਂ ਬਾਅਦ ਭਾਰਤੀ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇਸ ‘ਤੇ ਕੜਾ ਇਤਰਾਜ਼ ਜਤਾਇਆ ਸੀ। ਗ਼ੌਰਤਲਬ ਹੈ ਕਿ ਇਜ਼ਰਾਈਲੀ ਰੱਖਿਆ ਬਲਾਂ (ਆਈ.ਡੀ.ਐੱਫ.) ਨੇ ਸ਼ੁੱਕਰਵਾਰ ਨੂੰ ਇਹ ਨਕਸ਼ਾ ਆਪਣੇ ‘ਐਕਸ’ ਹੈਂਡਲ ‘ਤੇ ਪੋਸਟ ਕੀਤਾ ਸੀ, ਜਿਸ ਵਿਚ ਇਰਾਨੀ ਮਿਜ਼ਾਈਲਾਂ ਦੀ ਰੇਂਜ ਦਿਖਾਈ ਗਈ ਸੀ। ਇਸ ਪੋਸਟ ਦੀ ਭਾਰਤ ਵਿਚ ਸੋਸ਼ਲ ਮੀਡੀਆ ਉਪਭੋਗਤਾਵਾਂ ਦੁਆਰਾ ਆਲੋਚਨਾ ਕੀਤੀ ਗਈ ਸੀ।
ਇਸ ਸਬੰਧ ਵਿਚ ਇੱਕ ਉਪਭੋਗਤਾ ਨੇ ‘ਐਕਸ’ ‘ਤੇ ਟਿੱਪਣੀ ਕੀਤੀ, ”ਹੁਣ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਭਾਰਤ ਨਿਰਪੱਖ ਕਿਉਂ ਰਹਿੰਦਾ ਹੈ। ਕੂਟਨੀਤੀ ਵਿਚ ਕੋਈ ਵੀ ਅਸਲ ਵਿਚ ਤੁਹਾਡਾ ਮਿੱਤਰ ਨਹੀਂ ਹੁੰਦਾ।”
ਇਜ਼ਰਾਇਲੀ ਰੱਖਿਆ ਬਲਾਂ (ਆਈ.ਡੀ.ਐੱਫ.) ਨੇ ‘ਐਕਸ’ ‘ਤੇ ਕਿਹਾ, ”ਇਹ ਪੋਸਟ ਖੇਤਰ ਦਾ ਇੱਕ ਚਿੱਤਰਨ ਹੈ। ਇਹ ਨਕਸ਼ਾ ਸੀਮਾਵਾਂ ਨੂੰ ਸਹੀ ਢੰਗ ਨਾਲ ਦਰਸਾਉਣ ਵਿਚ ਅਸਫਲ ਰਿਹਾ ਹੈ। ਇਸ ਤਸਵੀਰ ਕਾਰਨ ਪਹੁੰਚੀ ਕਿਸੇ ਵੀ ਠੇਸ ਲਈ ਅਸੀਂ ਮੁਆਫ਼ੀ ਚਾਹੁੰਦੇ ਹਾਂ।” ਇਜ਼ਰਾਈਲ ਨੇ ਆਪਣੀ ਪੋਸਟ ਵਿਚ ਇਰਾਨ ਦੇ ਖ਼ਿਲਾਫ਼ ‘ਅਪਰੇਸ਼ਨ ਰਾਈਜ਼ਿੰਗ ਲਾਈਨ’ ਸ਼ੁਰੂ ਕਰਨ ਨੂੰ ਜਾਇਜ਼ ਠਹਿਰਾਇਆ ਸੀ ਅਤੇ ਨਾਲ ਹੀ ਗਲਤ ਨਕਸ਼ਾ ਪੇਸ਼ ਕੀਤਾ ਸੀ।
ਆਈ.ਡੀ.ਐੱਫ. ਨੇ ਲਿਖਿਆ, ”ਇਰਾਨ ਇੱਕ ਵਿਸ਼ਵਵਿਆਪੀ ਖ਼ਤਰਾ ਹੈ। ਇਜ਼ਰਾਈਲ ਅੰਤਿਮ ਨਿਸ਼ਾਨਾ ਨਹੀਂ ਹੈ, ਇਹ ਤਾਂ ਕੇਵਲ ਸ਼ੁਰੂਆਤ ਹੈ। ਸਾਡੇ ਕੋਲ ਕਾਰਵਾਈ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ।”
ਵਿਵਾਦ ਤੋਂ ਬਾਅਦ ਭਾਰਤ ਵਿਚ ਇਜ਼ਰਾਈਲ ਦੇ ਰਾਜਦੂਤ ਰੀਉਵੇਨ ਅਜ਼ਰ ਨੇ ‘ਐਕਸ’ ‘ਤੇ ਇਸ ਨਕਸ਼ੇ ਨੂੰ ”ਅਣਜਾਣੇ ਵਿਚ ਬਣਾਇਆ ਗਿਆ ਬੁਰਾ ਇਨਫੋਗ੍ਰਾਫਿਕਸ” ਕਰਾਰ ਦਿੱਤਾ। ਰਾਜਦੂਤ ਨੇ ਕਿਹਾ ਕਿ ਉਨ੍ਹਾਂ ਨੇ ਨਕਸ਼ੇ ਨੂੰ ਹਟਾਉਣ ਜਾਂ ਠੀਕ ਕਰਨ ਲਈ ਕਿਹਾ ਹੈ। ਭਾਰਤ ਹਮੇਸ਼ਾ ਕਹਿੰਦਾ ਰਿਹਾ ਹੈ ਕਿ ਜੰਮੂ-ਕਸ਼ਮੀਰ ਦੇਸ਼ ਦਾ ਅਟੁੱਟ ਅੰਗ ਹੈ।
ਇਜ਼ਰਾਇਲੀ ਫੌਜ ਨੇ ਭਾਰਤ ਦਾ ਗਲਤ ਨਕਸ਼ਾ ਪੋਸਟ ਕਰਨ ਲਈ ਮੁਆਫ਼ੀ ਮੰਗੀ
