ਸਿਡਨੀ, 2 ਅਗਸਤ (ਪੰਜਾਬ ਮੇਲ)- ਆਸਟਰੇਲੀਆ ਨੇ ਲਿਬਨਾਨ ਵਿਚ ਰਹਿ ਰਹੇ ਨਾਗਰਿਕਾਂ ਨੂੰ ਵਾਪਸ ਆਉਣ ਦੀ ਹਦਾਇਤ ਕੀਤੀ ਹੈ। ਵਿਦੇਸ਼ ਮੰਤਰੀ ਪੈੱਨੀ ਵੋਂਗ ਨੇ ਕਿਹਾ ਕਿ ਆਸਟਰੇਲੀਆ ਲਿਬਨਾਨ ਲਈ ਆਪਣੀਆਂ ਉਡਾਣਾਂ ਕਿਸੇ ਵੀ ਵੇਲੇ ਬੰਦ ਕਰ ਸਕਦਾ ਹੈ ਅਤੇ ਅਜਿਹੀ ਸਥਿਤੀ ‘ਚ ਉੱਥੇ ਰਹਿ ਰਹੇ ਆਸਟਰੇਲਿਆਈ ਨਾਗਰਿਕਾਂ ਨੂੰ ਘਰ ਵਾਪਸੀ ਲਈ ਪ੍ਰੇਸ਼ਾਨੀ ਪੈਦਾ ਹੋ ਸਕਦੀ ਹੈ। ਵੋਂਗ ਨੇ ਕਿਹਾ, ”ਮੱਧ ਪੂਰਬ ਵਿਚ ਤਣਾਅ ਵਧਣ ਕਾਰਨ ਜੰਗ ਦਾ ਖਦਸ਼ਾ ਪੈਦਾ ਹੋ ਗਿਆ ਹੈ। ਸੁਰੱਖਿਆ ਸਥਿਤੀ ਤੇਜ਼ੀ ਨਾਲ ਵਿਗੜ ਸਕਦੀ ਹੈ। ਆਸਟਰੇਲੀਆ ਦੇ ਜਿਹੜੇ ਲੋਕ ਲਿਬਨਾਨ ਦੀ ਯਾਤਰਾ ਕਰਨ ਬਾਰੇ ਸੋਚ ਰਹੇ, ਉਨ੍ਹਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ। ਜ਼ਿਕਰਯੋਗ ਹੈ ਕਿ ਹਮਾਸ ਦੇ ਪ੍ਰਮੁੱਖ ਸਿਆਸੀ ਆਗੂ ਇਸਮਾਈਲ ਹਨੀਯੇਹ ਦੇ ਇਰਾਨ ਵਿਚ ਮਾਰੇ ਜਾਣ ਅਤੇ ਲਿਬਨਾਨ ਵਿੱਚ ਇੱਕ ਚੋਟੀ ਦੇ ਹਿਜ਼ਬੁੱਲਾ ਕਮਾਂਡਰ ਦੇ ਮਾਰੇ ਜਾਣ ਤੋਂ ਬਾਅਦ ਜੰਗ ਦਾ ਖ਼ਦਸ਼ਾ ਵਧਿਆ ਹੈ।