-ਖ਼ਾਲਸਾ ਏਡ ਕੋਲ ਕੋਈ ਐੱਫ.ਸੀ.ਆਰ.ਏ. ਖਾਤਾ ਨਾ ਹੋਣ ਦਾ ਦਾਅਵਾ
ਸਿਡਨੀ, 17 ਸਤੰਬਰ (ਪੰਜਾਬ ਮੇਲ)- ਸਿਡਨੀ ਵਿਚਲੇ ਇਕ ਗੁਰਦੁਆਰੇ ਨੇ ਖਾਲਸਾ ਏਡ ਕੋਲੋਂ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਵਜੋਂ ਦਿੱਤੀ 40 ਹਜ਼ਾਰ ਡਾਲਰ ਦੀ ਰਾਸ਼ੀ ਵਾਪਸ ਮੰਗੀ ਹੈ। ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਦੇ ਨਾਮ ਹੇਠ ਦਾਨ ਉਗਰਾਉਣ ਨੂੰ ਗੈਰਕਾਨੂੰਨੀ ਮੰਨਿਆ ਜਾ ਰਿਹਾ ਹੈ। ਇੰਡੀਅਨ ਹੈਰੀਟੇਜ ਦੇ ਆਗੂ ਬਲਜਿੰਦਰ ਸਿੰਘ ਨੇ ਕਿਹਾ ਕਿ ਖਾਲਸਾ ਏਡ ਕੋਲ ਭਾਰਤ ਵਿਚ ਰਕਮ ਭੇਜਣ ਲਈ ਲੋੜੀਂਦਾ ਕਾਨੂੰਨੀ ਭਾਰਤੀ ਐੱਫ.ਸੀ.ਆਰ.ਏ. ਅਕਾਊਂਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਜੇਕਰ ਸੰਸਥਾ ਵਿਦੇਸ਼ਾਂ ਤੋਂ ਇਕੱਤਰ ਕੀਤਾ ਦਾਨ ਪੰਜਾਬ ਜਾਂ ਭਾਰਤ ਨਹੀਂ ਭੇਜ ਸਕਦੀ, ਤਾਂ ਫਿਰ ਇਹ ਫੰਡ ਇਕੱਠਾ ਕਿਉਂ ਕੀਤਾ ਜਾ ਰਿਹਾ ਹੈ।
ਸਿਡਨੀ ਦੇ ਗੁਰਦੁਆਰੇ ਨੇ ਸੰਸਥਾ ਖ਼ਾਲਸਾ ਏਡ ਨੂੰ ਸਾਲ 2019 ਦੇ ਸਮੇਂ ਪੰਜਾਬ ‘ਚ ਆਏ ਹੜ੍ਹਾਂ ਤੋਂ ਪੀੜਤਾਂ ਲੋਕਾਂ ਦੀ ਮਦਦ ਲਈ 40 ਹਜ਼ਾਰ ਡਾਲਰ ਦਿੱਤੇ ਸਨ। ਗੁਰਦੁਆਰੇ ਨੇ ਇਕ ਪੱਤਰ ਲਿਖ ਕੇ ਰਾਸ਼ੀ ਵਾਪਸ ਮੰਗੀ ਹੈ। ਆਸਟਰੇਲੀਅਨ ਸਿੱਖ ਐਸੋਸੀਏਸ਼ਨ ਦੇ ਸੇਵਾਦਾਰ ਅਲਬੇਲ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਦੇ ਨਾਂ ਹੇਠ ਵੱਡੇ ਪੱਧਰ ਉੱਤੇ ਆਨਲਾਈਨ ਸੰਸਥਾਵਾਂ ਤੇ ਨਿੱਜੀ ਵਿਅਕਤੀਆਂ ਵੱਲੋਂ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪ ਮੁਹਾਰੇ ਬਿਨਾਂ ਘੋਖ ਕੀਤੇ ਅਜਿਹੀਆਂ ਸੰਸਥਾਵਾਂ ਨੂੰ ਦਾਨ ਦੇ ਰਹੇ ਹਨ, ਪਰ ਇਹ ਰਾਸ਼ੀ ਅੱਗੇ ਪੀੜਤਾਂ ਤੱਕ ਨਹੀਂ ਪੁੱਜ ਰਹੀ।
ਆਸਟਰੇਲੀਆ ਗੁਰਦੁਆਰੇ ਨੇ ਖ਼ਾਲਸਾ ਏਡ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤਾ 40 ਹਜ਼ਾਰ ਡਾਲਰ ਵਾਪਸ ਮੰਗਿਆ
