-2.95 ਲੱਖ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਦਾ ਟੀਚਾ
ਮੈਲਬਰਨ, 7 ਅਗਸਤ (ਪੰਜਾਬ ਮੇਲ)- ਆਸਟਰੇਲੀਆ ਵਿਚ ਅਗਲੇ ਸਾਲ 2026 ਵਿਚ ਵੱਧ ਗਿਣਤੀ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ। ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨ ਦੀਆਂ ਦੋ ਸਾਲ ਦੀਆਂ ਕੋਸ਼ਿਸ਼ਾਂ ਮਗਰੋਂ ਅਲਬਾਨੀਜ਼ ਸਰਕਾਰ ਆਪਣੇ ਰੁਖ਼ ਵਿਚ ਨਰਮੀ ਲਿਆ ਰਹੀ ਹੈ। ਆਸਟਰੇਲੀਆ ਸਰਕਾਰ ਦੇ ਇਸ ਫ਼ੈਸਲੇ ਤਹਿਤ ਵਿਦੇਸ਼ੀ ਵਿਦਿਆਰਥੀ ਦੀ ਗਿਣਤੀ 2025 ‘ਚ ਤੈਅ ਕੀਤੀ ਗਈ ਹੱਦ ਤੋਂ 9 ਫ਼ੀਸਦੀ ਵੱਧ ਹੋਵੇਗੀ। ਹਾਲੇ ਤੱਕ ਸਿਰਫ਼ 2.70 ਲੱਖ ਵਿਦਿਆਰਥੀਆਂ ਦੀ ਹੱਦ ਤੈਅ ਕੀਤੀ ਗਈ ਹੈ, ਜਿਸ ਨੂੰ 2026 ਵਿਚ ਵਧਾ ਕੇ 2.95 ਲੱਖ ਕੀਤਾ ਜਾਵੇਗਾ। ਹਾਲਾਂਕਿ, ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲੇ ਤੋਂ ਰੋਕਣ ਜਾਂ ਦੂਰ ਰੱਖਣ ਦੀਆਂ ਕਈ ਹੋਰ ਪਰਵਾਸ ਸਬੰਧੀ ਨੀਤੀਆਂ ਕਾਰਨ 2026 ਵਿਚ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੀ ਅਸਲ ਗਿਣਤੀ ਅਜੇ ਵੀ 2.95 ਲੱਖ ਦੇ ਅੰਕੜੇ ਤੋਂ ਘੱਟ ਰਹਿ ਸਕਦੀ ਹੈ।
ਇਸ ਸਮੇਂ 2.70 ਲੱਖ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਦਾ ਟੀਚਾ ਹੈ, ਜਿਸ ਵਿਚੋਂ 176,000 ਵਿਦੇਸ਼ੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ 94 ਹਜ਼ਾਰ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਵਿਚ ਵੰਡਿਆ ਗਿਆ ਹੈ। ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਨੂੰ ਘੱਟ ਤੋਂ ਘੱਟ 2025 ਲਈ ਅਲਾਟ ਸੀਟਾਂ ਅਗਲੇ ਸਾਲ 2026 ਵਿਚ ਮਿਲ ਜਾਣਗੀਆਂ।
ਯੂਨੀਵਰਸਿਟੀਆਂ ਸਮੇਤ ਉੱਚ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਨੂੰ 1,96,750 ਸੀਟਾਂ ਮਿਲਣਗੀਆਂ, ਜੋ 2026 ਵਿਚ ਮਿਲਣ ਵਾਲੀਆਂ ਕੁੱਲ ਸੀਟਾਂ ਦਾ ਦੋ ਤਿਹਾਈ ਹਿੱਸਾ ਹੈ। ਸਰਕਾਰੀ ਯੂਨੀਵਰਸਿਟੀਆਂ ਦੀ ਜੇਕਰ 2025 ਵਿਚ ਕਾਰਗੁਜ਼ਾਰੀ ਚੰਗੀ ਰਹੀ ਹੈ, ਤਾਂ ਉਹ ਹੋਰ ਸੀਟਾਂ ਲਈ ਅਰਜ਼ੀ ਦੇ ਸਕਦੀਆਂ ਹਨ।ਇਹ ਕਦਮ ਸਰਕਾਰ ਦੀ ਸੋਧੀ ਹੋਈ ਪਰਵਾਸ ਰਣਨੀਤੀ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਸਿੱਖਿਆ ਖੇਤਰ ਦੇ ਵਿਕਾਸ ਦਾ ਪ੍ਰਬੰਧਨ ਕਰਨਾ ਹੈ ਅਤੇ ਨਾਲ ਹੀ ਰਿਹਾਇਸ਼ ਅਤੇ ਬੁਨਿਆਦੀ ਢਾਂਚੇ ਦੇ ਦਬਾਅ ਨੂੰ ਹੱਲ ਕਰਨਾ ਹੈ।
ਆਸਟਰੇਲੀਆ 2026 ‘ਚ ਵੱਧ ਗਿਣਤੀ ‘ਚ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਵੇਗਾ ਦਾਖਲਾ
