ਅੰਮ੍ਰਿਤਸਰ, 21 ਸਤੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਅਤੇ ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸ਼ਨਿੱਚਰਵਾਰ ਨੂੰ ਉਸ ਵੇਲੇ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਮਧੂਮਿਤਾ ਦਾ ਸਵੇਰੇ ਸਮੇਂ ਦੇਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਆਉਣ ‘ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਮ ਤੋੜ ਦਿੱਤਾ। ਮ੍ਰਿਤਕ ਦੇਹ ਦਾ ਦੁਰਗਿਆਣਾ ਮੰਦਰ ਨੇੜੇ ਸ਼ਮਸ਼ਾਨ ਘਾਟ ਵਿਚ ਸਸਕਾਰ ਕੀਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਵਿਧਾਇਕ ਜੀਵਨ ਜੋਤ ਕੌਰ, ਸਾਬਕਾ ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ, ਸੁਨੀਲ ਦੱਤੀ, ਪਿੰਗਲਵਾੜਾ ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਨੇ ਮੌਕੇ ‘ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।