ਜਲੰਧਰ, 3 ਜੁਲਾਈ (ਪੰਜਾਬ ਮੇਲ)-ਆਦਮਪੁਰ ਸਿਵਲ ਹਵਾਈ ਅੱਡੇ ਤੋਂ ਬੁੱਧਵਾਰ ਨੂੰ ਮੁੰਬਈ ਤੱਕ ਘਰੇਲੂ ਹਵਾਈ ਸੇਵਾਵਾਂ ਦੀ ਸ਼ੁਰੂਆਤ ਹੋ ਗਈ। ਜਲੰਧਰ ਪ੍ਰਸ਼ਾਸਨ ਵੱਲ ਐੱਸ.ਡੀ.ਐੱਮ. ਆਦਮਪੁਰ ਵਿਵੇਕ ਮੋਦੀ ਨੇ ਮੁੰਬਈ ਲਈ ਪਹਿਲੀ ਉਡਾਣ ਦੇ ਮੌਕੇ ‘ਤੇ ਆਦਮਪੁਰ ਸਿਵਲ ਹਵਾਈ ਅੱਡੇ ਦਾ ਦੌਰਾ ਕੀਤਾ। ਏਅਰਲਾਈਨ ਕੰਪਨੀ ਇੰਡੀਗੋ ਨੇ ਆਦਮਪੁਰ ਅਤੇ ਮੁੰਬਈ ਵਿਚਕਾਰ ਸਿੱਧੀ ਉਡਾਣ ਸੇਵਾ ਸ਼ੁਰੂ ਕੀਤੀ। ਇਹ ਉਡਾਣ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੁੱਧਵਾਰ ਬਾਅਦ ਦੁਪਹਿਰ 12.55 ਵਜੇ ਉਡਾਣ ਭਰ ਕੇ ਬਾਅਦ 3.15 ਵਜੇ ਆਦਮਪੁਰ ਪਹੁੰਚੀ। ਆਦਮਪੁਰ ਵਿਚ 35 ਮਿੰਟ ਦੇ ਠਹਿਰਾਅ ਮਗਰੋਂ ਜਹਾਜ਼ ਬਾਅਦ ਦੁਪਹਿਰ 3.50 ਵਜੇ ਉੱਡਿਆ ਅਤੇ ਸ਼ਾਮ 6.30 ਵਜੇ ਮੁੰਬਈ ਪਹੁੰਚਿਆ। ਮੁੰਬਈ-ਆਦਮਪੁਰ ਸੈਕਟਰ ਲਈ ਉਡਾਣ ਦੀ ਮਿਆਦ 2.20 ਘੰਟੇ ਅਤੇ ਆਦਮਪੁਰ-ਮੁੰਬਈ ਸੈਕਟਰ ਲਈ ਇਹ 2.40 ਘੰਟੇ ਹੋਵੇਗੀ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਦੇ ਵਪਾਰੀ ਖੁਸ਼ ਹਨ। ਆਦਮਪੁਰ ਦੇ ਹਵਾਈ ਅੱਡੇ ਤੋਂ ਮੁੰਬਈ ਅਤੇ ਫਿਰ ਉੱਥੋਂ ਯੂਰਪ ਅਤੇ ਇੰਗਲੈਂਡ ਲਈ ਸਿੱਧੀਆਂ ਉਡਾਣਾਂ ਆਸਾਨ ਹੋ ਜਾਣਗੀਆਂ। ਆਦਮਪੁਰ ਤੋਂ ਜਹਾਜ਼ 186 ਸੀਟਰ ਵਾਲਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਆਦਮਪੁਰ ਤੋਂ ਮੁੰਬਈ ਅਤੇ ਮੁੰਬਈ ਆਦਮਪੁਰ ਜਾਣ ਵਾਲੇ ਜ਼ਿਆਦਾਤਰ ਯਾਤਰੀ ਪਹਿਲਾਂ ਹੀ ਆਨਲਾਈਨ ਬੁਕਿੰਗ ਕਰਵਾ ਚੁੱਕੇ ਹਨ। ਆਦਮਪੁਰ ਮੁੰਬਈ ਫਲਾਈਟ ਲਈ ਟਿਕਟ ਦੀ ਸ਼ੁਰੂਆਤੀ ਕੀਮਤ 5660 ਰੁਪਏ ਹੈ, ਵਾਪਸੀ ਯਾਤਰਾ 5571 ਰੁਪਏ ਹੈ। ਇਸ ਉਡਾਣ ਵਿਚ ਮੁੰਬਈ ਤੋਂ ਆਏ ਜਲੰਧਰ ਦੇ ਕਾਰੋਬਾਰੀ ਰਜਿੰਦਰ ਮਰਵਾਹਾ ਨੇ ਦੱਸਿਆ ਕਿ ਉਹ ਸ਼ਿਰੜੀ ਤੋਂ ਸਾਈਂ ਬਾਬਾ ਦੇ ਦਰਸ਼ਨ ਕਰਕੇ ਵਾਪਸ ਆਇਆ ਹੈ। ਇਸ ਕਾਰਨ ਉਸ ਦੇ ਦੋ ਦਿਨ ਬਚ ਗਏ। ਉਨ੍ਹਾਂ ਦੱਸਿਆ ਕਿ ਇਹ ਉਡਾਣ ਸਾਈਂ ਬਾਬਾ ਅਤੇ ਹਜ਼ੂਰ ਸਾਹਿਬ ਦੇ ਯਾਤਰੀਆਂ ਲਈ ਲਾਹੇਵੰਦ ਹੋਵੇਗੀ ਤੇ ਇਸ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ।
ਆਦਮਪੁਰ-ਮੁੰਬਈ ਹਵਾਈ ਸੇਵਾ ਸ਼ੁਰੂ
