ਨਵੀਂ ਦਿੱਲੀ/ਜਲੰਧਰ, 21 ਫਰਵਰੀ (ਪੰਜਾਬ ਮੇਲ)- ਦਿੱਲੀ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਪੰਜਾਬ ਪੁਲਿਸ ਦੇ ਮੁਖੀ (ਡੀ.ਜੀ.ਪੀ.) ਗੌਰਵ ਯਾਦਵ ਸਮੇਤ ਸੂਬੇ ਦੇ ਕਈ ਸੀਨੀਅਰ ਅਧਿਕਾਰੀਆਂ ਨੂੰ ਸੰਮਨ ਜਾਰੀ ਕੀਤੇ ਹਨ। ਇਹ ਕਾਰਵਾਈ ਦਿੱਲੀ ਦੀ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨਾਲ ਜੁੜੇ ਇਕ ਵੀਡੀਓ ਵਿਵਾਦ ਅਤੇ ਉਸ ‘ਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਕੀਤੀ ਗਈ ਹੈ।
ਦਿੱਲੀ ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ, ਪੰਜਾਬ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ, ਡੀ.ਜੀ.ਪੀ. ਗੌਰਵ ਯਾਦਵ ਅਤੇ ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ 27 ਫਰਵਰੀ ਨੂੰ ਦੁਪਹਿਰ 3 ਵਜੇ ਦਿੱਲੀ ਵਿਧਾਨ ਸਭਾ ਦੇ ਐੱਮ.ਐੱਲ.ਏ. ਲਾਊਂਜ-1 ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਨੋਟਿਸ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਪੇਸ਼ ਨਾ ਹੋਣ ਦੀ ਸੂਰਤ ‘ਚ ਵਿਧਾਨ ਸਭਾ ਦੀ ਮਾਣਹਾਨੀ ਅਤੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵਿਵਾਦ ਜਲੰਧਰ ਪੁਲਿਸ ਵੱਲੋਂ 9 ਜਨਵਰੀ ਨੂੰ ਦਰਜ ਕੀਤੀ ਗਈ ਇਕ ਐੱਫ.ਆਈ.ਆਰ. ਤੋਂ ਸ਼ੁਰੂ ਹੋਇਆ ਸੀ। ਸ਼ਿਕਾਇਤ ‘ਚ ਦੋਸ਼ ਲਾਇਆ ਗਿਆ ਸੀ ਕਿ ਦਿੱਲੀ ਵਿਧਾਨ ਸਭਾ ‘ਚ ਆਤਿਸ਼ੀ ਵੱਲੋਂ ਦਿੱਤੇ ਗਏ ਭਾਸ਼ਣ ਦੀ ਇਕ ‘ਛੇੜਛਾੜ ਕੀਤੀ ਹੋਈ’ ਵੀਡੀਓ ਵਾਇਰਲ ਕੀਤੀ ਗਈ ਹੈ, ਜਿਸ ‘ਚ ਸਿੱਖ ਗੁਰੂਆਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਸਨ। ਦਿੱਲੀ ਵਿਧਾਨ ਸਭਾ ਦਾ ਕਹਿਣਾ ਹੈ ਕਿ ਇਹ ਸਦਨ ਦੀ ਕਾਰਵਾਈ ਨਾਲ ਜੁੜਿਆ ਮਾਮਲਾ ਹੈ ਅਤੇ ਇਸ ‘ਤੇ ਬਾਹਰੀ ਪੁਲਿਸ ਦਾ ਕਾਰਵਾਈ ਕਰਨਾ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੈ।
ਪੰਜਾਬ ਦੇ ਗ੍ਰਹਿ ਵਿਭਾਗ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਜਲੰਧਰ ਪੁਲਿਸ ਵੱਲੋਂ ਦਰਜ ਐੱਫ.ਆਈ.ਆਰ. ਨਾਲ ਕਿਸੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਨਹੀਂ ਹੋਈ। ਅੰਡਰ ਸੈਕਟਰੀ (ਗ੍ਰਹਿ) ਕੈਲਾਸ਼ ਗੌਤਮ ਰਾਹੀਂ ਭੇਜੇ ਜਵਾਬ ‘ਚ ਪੰਜਾਬ ਸਰਕਾਰ ਨੇ ਤਰਕ ਦਿੱਤਾ ਹੈ ਕਿ ਸੰਵਿਧਾਨ ਦੀ ਧਾਰਾ 194(3) ਤਹਿਤ ਮਿਲੇ ਵਿਸ਼ੇਸ਼ ਅਧਿਕਾਰ ਉਸ ਵੀਡੀਓ ‘ਤੇ ਲਾਗੂ ਨਹੀਂ ਹੁੰਦੇ, ਜਿਸ ਨਾਲ ਸਦਨ ਤੋਂ ਬਾਹਰ ਛੇੜਛਾੜ ਕੀਤੀ ਗਈ ਹੋਵੇ ਅਤੇ ਜਿਸ ‘ਚ ਵਾਧੂ ਕੈਪਸ਼ਨ ਲਗਾ ਕੇ ਪ੍ਰਚਾਰਿਆ ਗਿਆ ਹੋਵੇ। ਪੰਜਾਬ ਸਰਕਾਰ ਮੁਤਾਬਕ, ਅਜਿਹੀ ਵੀਡੀਓ ਸਦਨ ਦੀ ਸੰਪਤੀ ਨਹੀਂ ਮੰਨੀ ਜਾ ਸਕਦੀ।
ਦਿੱਲੀ ਵਿਧਾਨ ਸਭਾ ਦੀ ਸਖ਼ਤ ਟਿੱਪਣੀ ਦਿੱਲੀ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਪੰਜਾਬ ਸਰਕਾਰ ਦੇ ਜਵਾਬਾਂ ‘ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਕਮੇਟੀ ਨੇ ਪੰਜਾਬ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਮਾਮਲੇ ‘ਚ ਪੰਜਾਬ ਦੇ ਐਡਵੋਕੇਟ ਜਨਰਲ (ਏ.ਜੀ.) ਦੀ ਕਾਨੂੰਨੀ ਰਾਏ ਲੈ ਕੇ 27 ਫਰਵਰੀ ਤੱਕ ਕਮੇਟੀ ਸਾਹਮਣੇ ਪੇਸ਼ ਕਰਨ। ਕਮੇਟੀ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਦਾ ਮੌਜੂਦਾ ਸਟੈਂਡ ਵਿਧਾਨ ਸਭਾ ਦੀਆਂ ਚਿੰਤਾਵਾਂ ਨੂੰ ਸਹੀ ਢੰਗ ਨਾਲ ਨਹੀਂ ਸਮਝ ਰਿਹਾ।
ਆਤਿਸ਼ੀ ਵੀਡੀਓ ਮਾਮਲਾ: ਦਿੱਲੀ ਵਿਧਾਨ ਸਭਾ ਦੀ ਕਮੇਟੀ ਵੱਲੋਂ ਡੀ.ਜੀ.ਪੀ. ਪੰਜਾਬ ਸਮੇਤ ਕਈ ਅਧਿਕਾਰੀਆਂ ਤਲਬ

